ਮੋਦੀ ਸਰਕਾਰ ਦੀ ਅੱਤਵਾਦ ਖ਼ਿਲਾਫ਼ 'ਜ਼ੀਰੋ ਟੋਲਰੈਂਸ ਨੀਤੀ', ਅਰਸ਼ਦੀਪ ਡਾਲਾ ਨੂੰ ਐਲਾਨਿਆ 'ਅੱਤਵਾਦੀ'
Monday, Jan 09, 2023 - 05:37 PM (IST)
ਨਵੀਂ ਦਿੱਲੀ (ਭਾਸ਼ਾ)- ਅੱਤਵਾਦ ਖ਼ਿਲਾਫ਼ ਮੋਦੀ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਜਾਰੀ ਹੈ। ਗ੍ਰਹਿ ਮੰਤਰਾਲਾ ਨੇ ਸੋਮਵਾਰ ਨੂੰ ਕਤਲ, ਅੱਤਵਾਦ ਦੇ ਵਿੱਤ ਪੋਸ਼ਣ ਅਤੇ ਜ਼ਬਰਨ ਵਸੂਲੀ 'ਚ ਸ਼ਾਮਲ ਕੈਨੇਡਾ 'ਚ ਰਹਿਣ ਵਾਲੇ ਅਰਸ਼ਦੀਪ ਸਿੰਘ ਗਿੱਲ ਨੂੰ ਅੱਤਵਾਦੀ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਗਿੱਲ ਉਰਫ਼ ਅਰਸ਼ ਡਾਲਾ, ਜੋ ਲੁਧਿਆਣਾ 'ਚ ਪੈਦਾ ਹੋਇਆ ਸੀ ਪਰ ਮੌਜੂਦਾ ਸਮੇਂ ਕੈਨੇਡਾ 'ਚ ਰਹਿ ਰਿਹਾ ਹੈ, ਵੱਡੇ ਪੈਮਾਨੇ 'ਤੇ ਡਰੱਗ ਅਤੇ ਹਥਿਆਰਾਂ ਦੀ ਸਰਹੱਦ ਪਾਰ ਤਸਕਰੀ 'ਚ ਸ਼ਾਮਲ ਹੈ। ਅਰਸ਼ਦੀਪ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਨਾਲ ਜੁੜਿਆ ਹੋਇਆ ਹੈ ਅਤੇ ਨਾਮਜ਼ਦ ਅੱਤਵਾਦੀ ਹਰਦੀਪ ਸਿੰਘ ਨਿੱਜਰ ਵਲੋਂ ਅੱਤਵਾਦੀ ਮਾਡਿਊਲ ਚਲਾਉਂਦਾ ਹੈ।
ਇਹ ਵੀ ਪੜ੍ਹੋ : ਕੁਰੂਕੁਸ਼ੇਤਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਨੌਜਵਾਨ ਦੇ ਦੋਵੇਂ ਹੱਥ ਵੱਢ ਕੇ ਲੈ ਕੇ ਬਦਮਾਸ਼
ਇਕ ਹਫ਼ਤੇ ਅੰਦਰ ਅੱਤਵਾਦੀ ਐਲਾਨ ਹੋਣ ਵਾਲਾ ਉਹ 5ਵਾਂ ਵਿਅਕਤੀ ਹੈ। ਇਹ ਸਾਰੇ ਅੱਤਵਾਦੀ ਪਾਕਿਸਤਾਨ, ਅਫਗਾਨਿਸਤਾਨ, ਸਾਊਦੀ ਅਰਬ ਅਤੇ ਕੈਨੇਡਾ ਵਰਗੇ ਦੇਸ਼ਾਂ 'ਚ ਸਥਿਤ ਹਨ। ਗਿੱਲ ਰਾਸ਼ਟਰੀ ਜਾਂਚ ਏਜੰਸੀ ਵਲੋਂ ਦਰਜ ਅਤੇ ਜਾਂਚ ਕੀਤੇ ਗਏ ਵੱਖ-ਵੱਖ ਮਾਮਲਿਆਂ 'ਚ ਦੋਸ਼ੀ ਹੈ, ਜਿਨ੍ਹਾਂ 'ਚ ਕਤਲ, ਅੱਤਵਾਦ ਦੇ ਵਿੱਤ ਪੋਸ਼ਣ ਲਈ ਪੈਸੇ ਦੇਣਾ, ਕਤਲ ਦੀ ਕੋਸ਼ਿਸ਼, ਫਿਰਕਾਪ੍ਰਸਤ ਸਦਭਾਵਨਾ ਵਿਗੜਾਨੀ ਅਤੇ ਪੰਜਾਬ ਦੇ ਲੋਕਾਂ ਵਿਚਾਲੇ ਆਤੰਕ ਪੈਦਾ ਕਰਨਾ ਸ਼ਾਮਲ ਹੈ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਗਿੱਲ ਅੱਤਵਾਦ 'ਚ ਸ਼ਾਮਲ ਹੈ ਅਤੇ ਇਸ ਲਈ ਐਕਟ ਦੀ ਧਾਰਾ 35 ਦੀ ਉੱਪ ਧਾਰਾ (1) ਦੇ ਸੈਕਸ਼ਨ (ਏ) ਵਲੋਂ ਮਿਲੀਆਂ ਸ਼ਕਤੀਆਂ ਦਾ ਪ੍ਰਯੋਗ ਕਰ ਕੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੇ ਅਧੀਨ ਇਕ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ