ਸਰਕਾਰਾਂ ਵੈੱਬਸਾਈਟਾਂ ਨਾਲ ਨਹੀਂ ''ਰੂਲ ਆਫ ਲਾਅ'' ਨਾਲ ਚੱਲਦੀਆਂ ਹਨ : ਵਿਜ

1/8/2020 3:55:26 PM

ਅੰਬਾਲਾ (ਵਾਰਤਾ)— ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਭਾਵ ਅੱਜ ਕਿਹਾ ਕਿ ਸਰਕਾਰਾਂ ਵੈੱਬਸਾਈਟਾਂ ਨਾਲ ਨਹੀਂ 'ਰੂਲ ਆਫ ਲਾਅ' ਨਾਲ ਚੱਲਦੀਆਂ ਹਨ। ਕ੍ਰਾਈਮ ਇੰਵੈਸਟੀਗੇਸ਼ਨ ਡਿਪਾਰਟਮੈਂਟ (ਸੀ. ਆਈ. ਡੀ.) 'ਤੇ ਕੰਟਰੋਲ ਨੂੰ ਲੈ ਕੇ ਵਿਜ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਚਾਲੇ ਖਿਚੋਂਤਾਣ ਦਰਮਿਆਨ ਸਰਕਾਰੀ ਵੈੱਬਸਾਈਟ ਅਪਡੇਟ ਕਰਦੇ ਹੋਏ ਕਿਹਾ ਗਿਆ ਹੈ ਕਿ ਸੀ. ਆਈ. ਡੀ. ਮੁੱਖ ਮੰਤਰੀ ਕੋਲ ਹੈ। ਇਸ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਵਿਜ ਨੇ ਕਿਹਾ ਕਿ ਮੁੱਖ ਮੰਤਰੀ ਚਾਹੁਣ ਤਾਂ ਸੀ. ਆਈ. ਡੀ. ਵਿਭਾਗ ਗ੍ਰਹਿ ਮੰਤਰੀ ਤੋਂ ਵਾਪਸ ਲੈ ਸਕਦੇ ਹਨ ਪਰ ਉਹ ਕੈਬਨਿਟ ਦੀ ਬੈਠਕ ਦੇ ਬਿਨਾਂ ਨਹੀਂ ਹੋ ਸਕਦਾ, ਇਸ ਲਈ ਸੀ. ਆਈ. ਡੀ. ਅਜੇ ਤਕ ਉਨ੍ਹਾਂ ਕੋਲ ਹੀ ਹੈ। 

ਵਿਜ ਨੇ ਕਿਹਾ ਕਿ ਸਰਕਾਰਾਂ ਵੈੱਬਸਾਈਟਾਂ ਨਾਲ ਨਹੀਂ ਰੂਲ ਆਫ ਲਾਅ ਨਾਲ ਚੱਲਦੀਆਂ ਹਨ। ਗ੍ਰਹਿ ਮੰਤਰੀ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸੁਪਰੀਮ ਹੁੰਦੇ ਹਨ, ਚਾਹੁਣ ਤਾਂ ਅਜਿਹਾ ਕਰ ਸਕਦੇ ਹਨ ਅਤੇ ਸੀ. ਆਈ. ਡੀ. ਉਨ੍ਹਾਂ ਤੋਂ ਵਾਪਸ ਲੈ ਸਕਦੇ ਹਨ ਪਰ ਕਾਨੂੰਨ ਮੁਤਾਬਕ ਬਿਨਾ ਕੈਬਨਿਟ ਦੀ ਮੀਟਿੰਗ ਅਤੇ ਵਿਧਾਨ ਸਭਾ 'ਚ ਪਾਸ ਕੀਤੇ ਅਜਿਹਾ ਨਹੀਂ ਕੀਤਾ ਜਾ ਸਕਦਾ ਅਤੇ ਅਜੇ ਤਕ ਇਸ ਮਾਮਲੇ 'ਚ ਕੋਈ ਬੈਠਕ ਵੀ ਨਹੀਂ ਹੋਈ ਹੈ। ਵਿਜ ਨੇ ਕਿਹਾ ਕਿ ਅਫਸਰਸ਼ਾਹੀ ਨਾਲ ਉਨ੍ਹਾਂ ਦਾ ਕੋਈ ਝਗੜਾ ਨਹੀਂ ਹੈ। ਕੰਮ ਨਾ ਕਰਨ ਵਾਲਿਆਂ ਨੂੰ ਠੀਕ ਕਰਨਾ ਉਨ੍ਹਾਂ ਦਾ ਧਰਮ ਅਤੇ ਕਰਮ ਹੈ ਅਤੇ ਇਹ ਕੰਮ ਉਹ ਆਖਰੀ ਸਾਹ ਤਕ ਕਰਦੇ ਰਹਿਣਗੇ।


Tanu

Edited By Tanu