ਦੇਸ਼ ਭਰ ’ਚ ਸਰਕਾਰ 10 ਲੱਖ ਕਰੋੜ ਰੁਪਏ ਦੇ ਰਾਜਮਾਰਗ ਪ੍ਰਾਜੈਕਟ ਸ਼ੁਰੂ ਕਰੇਗੀ : ਗਡਕਰੀ
Sunday, Apr 13, 2025 - 11:46 PM (IST)

ਨਵੀਂ ਦਿੱਲੀ (ਭਾਸ਼ਾ)-ਕੇਂਦਰ ਸਰਕਾਰ ਦੇਸ਼ ਭਰ ’ਚ ਰਾਜਮਾਰਗਾਂ ਨੂੰ ਮਜ਼ਬੂਤ ਬਣਾਉਣ ਲਈ ਅਗਲੇ ਦੋ ਸਾਲਾਂ ਵਿਚ 10 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਉੱਤਰ-ਪੂਰਬ ਖੇਤਰ ਵੱਲ ਵਿਸ਼ੇਸ਼ ਧਿਆਨ ਦਿਅਾਂਗੇ, ਜਿੱਥੋਂ ਦੀਆਂ ਸੜਕਾਂ ਅਮਰੀਕਾ ਦੀਆਂ ਸੜਕਾਂ ਵਰਗੀਆਂ ਹੋਣਗੀਆਂ। ਗਡਕਰੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਕੇਂਦਰ ਸਰਕਾਰ ਅਗਲੇ ਦੋ ਸਾਲਾਂ ਵਿਚ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ ਤਾਂ ਜੋ ਇਹ ਦੁਨੀਆ ਦੇ ਸਭ ਤੋਂ ਵਧੀਆ ਬੁਨਿਅਾਦੀ ਢਾਂਚੇ ਦੇ ਬਰਾਬਰ ਹੋਵੇ।
ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਦੇ ਔਖੇ ਇਲਾਕਿਆਂ ਅਤੇ ਸਰਹੱਦਾਂ ਦੀ ਨੇੜਤਾ ਨੂੰ ਦੇਖਦੇ ਹੋਏ ਇੱਥੇ ਸੜਕੀ ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਤੁਰੰਤ ਲੋੜ ਹੈ। ਗਡਕਰੀ ਨੇ ਕਿਹਾ, ‘‘ਸਾਡੀ ਕੋਸ਼ਿਸ਼ ਦੇਸ਼ ਦੇ ਬੁਨਿਆਦੀ ਢਾਂਚੇ ਵਿਚ ਬਦਲਾਅ ਲਿਆਉਣਾ ਹੈ ਤਾਂ ਜੋ ਇਹ ਦੁਨੀਆ ਦੇ ਸਭ ਤੋਂ ਵਧੀਆ ਬੁਨਿਆਦੀ ਢਾਂਚੇ ਦੇ ਬਰਾਬਰ ਹੋ ਜਾਵੇ।’’ ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਮਹਾਰਾਸ਼ਟਰ, ਗੁਜਰਾਤ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਰਾਜਸਥਾਨ ਅਤੇ ਦਿੱਲੀ ਸਮੇਤ ਸਾਰੇ ਸੂਬਿਆਂ ਵਿਚ ਕੰਮ ਚੱਲ ਰਿਹਾ ਹੈ।