ਚੋਣ ਕਮਿਸ਼ਨ ਦਾ ਸਰਕਾਰ ਨੂੰ ਨਿਰਦੇਸ਼, ਵਟਸਐੱਪ ''ਤੇ ''ਵਿਕਸਿਤ ਭਾਰਤ'' ਸੰਦੇਸ਼ ਭੇਜਣਾ ਤੁਰੰਤ ਕਰੇ ਬੰਦ
Thursday, Mar 21, 2024 - 02:41 PM (IST)
ਨਵੀਂ ਦਿੱਲੀ (ਭਾਸ਼ਾ)- ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕੇਂਦਰ ਨੂੰ ਨਿਰਦੇਸ਼ ਦਿੱਤਾ ਕਿ ਉਹ 'ਵਿਕਸਿਤ ਭਾਰਤ ਸੰਪਰਕ' ਦੇ ਅਧੀਨ ਵੱਡੀ ਗਿਣਤੀ 'ਚ ਵਟਸਐੱਪ ਸੰਦੇਸ਼ ਭੇਜਣਾ ਤੁਰੰਤ ਬੰਦ ਕਰੇ। 'ਵਿਕਸਿਤ ਭਾਰਤ ਸੰਪਰਕ' ਦਾ ਮਕਸਦ ਸਰਕਾਰ ਦੀਆਂ ਵੱਖ-ਵੱਖ ਪਹਿਲਾਂ ਨੂੰ ਰੇਖਾਂਕਿਤ ਕਰਨਾ ਹੈ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕਮਿਸ਼ਨ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੂੰ ਇਸ ਸੰਬੰਧ 'ਚ ਨਿਰਦੇਸ਼ ਜਾਰੀ ਕੀਤਾ। ਕਮਿਸ਼ਨ ਨੇ ਕਿਹਾ,''ਇਹ ਕਦਮ ਚੋਣਾਂ 'ਚ ਸਮਾਨ ਮੌਕੇ ਯਕੀਨੀ ਕਰਨ ਲਈ ਕਮਿਸ਼ਨ ਵਲੋਂ ਲਏ ਗਏ ਫ਼ੈਸਲਿਆਂ ਦਾ ਹਿੱਸਾ ਹੈ।''
ਉਸ ਨੇ ਮੰਤਰਾਲਾ ਤੋਂ ਇਸ ਮਾਮਲੇ 'ਤੇ ਪਾਲਣਾ ਰਿਪੋਰਟ ਵੀ ਮੰਗੀ ਹੈ। ਮੰਤਰਾਲਾ ਨੇ ਕਮਿਸ਼ਨ ਨੂੰ ਸੂਚਿਤ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਿੱਠੀ ਨਾਲ ਜਾਰੀ ਸੰਦੇਸ਼ 16 ਮਾਰਚ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਭੇਜੇ ਗਏ ਸਨ। ਮੰਤਰਾਲਾ ਨੇ ਕਮਿਸ਼ਨ ਨੂੰ ਸੂਚਿਤ ਕੀਤਾ ਸੀ ਕਿ ਕੁਝ ਸੰਦੇਸ਼ ਨੈੱਟਵਰਕ ਸੰਬੰਧੀ ਕਾਰਨਾਂ ਕਰ ਕੇ ਪ੍ਰਾਪਤਕਰਤਾਵਾਂ ਤੱਕ ਦੇਰੀ ਨਾਲ ਪਹੁੰਚ ਸਕੇ। ਕਮਿਸ਼ਨ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ ਕਿ ਆਮ ਚੋਣਾਂ 2024 ਦਾ ਐਲਾਨ ਅਤੇ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਸਰਕਾਰ ਦੀਆਂ ਵੱਖ-ਵੱਖ ਪਹਿਲਾਂ ਨੂੰ ਰੇਖਾਂਕਿਤ ਕਰਨ ਵਾਲੇ ਅਜਿਹੇ ਸੰਦੇਸ਼ ਅਜੇ ਵੀ ਆਮ ਜਨਤਾ ਦੇ ਫ਼ੋਨ 'ਤੇ ਭੇਜੇ ਜਾ ਰਹੇ ਹਨ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਨੇ ਇਸ ਸੰਦੇਸ਼ 'ਤੇ ਨਾਰਾਜ਼ਗੀ ਜਤਾਈ ਸੀ ਅਤੇ ਕਮਿਸ਼ਨ ਤੋਂ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e