ਔਰਤਾਂ ਦੇ ਜਨ-ਧਨ ਖਾਤਿਆਂ ’ਚ 2 ਕਿਸ਼ਤਾਂ ’ਚ 1000 ਰੁਪਏ ਪਾਏਗੀ ਸਰਕਾਰ

Friday, Apr 10, 2020 - 12:45 AM (IST)

ਔਰਤਾਂ ਦੇ ਜਨ-ਧਨ ਖਾਤਿਆਂ ’ਚ 2 ਕਿਸ਼ਤਾਂ ’ਚ 1000 ਰੁਪਏ ਪਾਏਗੀ ਸਰਕਾਰ

ਨਵੀਂ ਦਿੱਲੀ (ਭਾਸ਼ਾ)-ਵਿੱਤ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀ. ਐੱਮ. ਜੇ. ਡੀ. ਵਾਈ.) ਤਹਿਤ ਔਰਤਾਂ ਦੇ ਖਾਤਿਆਂ ’ਚ ਅਗਲੇ 2 ਮਹੀਨਿਆਂ ਦੌਰਾਨ 500-500 ਰੁਪਏ ਦੀਆਂ 2 ਕਿਸ਼ਤਾਂ ’ਚ 1000 ਰੁਪਏ ਪਾਏ ਜਾਣਗੇ। ਮਹਿਲਾ ਜਨ-ਧਨ ਖਾਤਾਧਾਰਕਾਂ ਦੇ ਖਾਤਿਆਂ ’ਚ ਪਹਿਲੀ ਕਿਸ਼ਤ ਦੇ ਰੂਪ ’ਚ ਅਪ੍ਰੈਲ ’ਚ 500 ਰੁਪਏ ਪਾਏ ਗਏ ਹਨ। ਮੰਤਰਾਲਾ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀਆਂ ਅਫਵਾਹਾਂ ’ਤੇ ਧਿਆਨ ਨਾ ਦੇਣ। ਅਗਲੇ ਦੋ ਮਹੀਨਿਆਂ ’ਚ ਦੋ ਕਿਸ਼ਤਾਂ ਹੋਰ ਪਾਈਆਂ ਜਾਣਗੀਆਂ।

ਇਸ ਦਰਮਿਆਨ ਜਨਤਕ ਖੇਤਰ ਦੇ ਭਾਰਤੀ ਸਟੇਟ ਬੈਂਕ ਨੇ ਲਾਭਾਪਾਤਰੀਆਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਅਫਵਾਹਾਂ ’ ਤੇ ਧਿਆਨ ਨਾ ਦੇਣ ਕਿ ਜੇਕਰ ਉਹ ਇਸ ਪੈਸੇ ਨੂੰ ਨਹੀਂ ਕੱਢਣਗੇ ਤਾਂ ਸਰਕਾਰ ਉਸ ਨੂੰ ਵਾਪਸ ਲੈ ਲਵੇਗੀ। ਇਨ੍ਹਾਂ ਅਫਵਾਹਾਂ ਦੇ ਕਾਰਣ ਵੱਡੀ ਗਿਣਤੀ ’ਚ ਲੋਕ ਬੈਂਕਾਂ ’ਚੋਂ ਪੈਸਾ ਕੱਢਣ ਲਈ ਇਕੱਠੇ ਹੋ ਰਹੇ ਹਨ। ਐੱਸ. ਬੀ. ਆਈ. ’ਚ ਸਭ ਤੋਂ ਜ਼ਿਆਦਾ ਜਨ-ਧਨ ਖਾਤੇ ਹਨ। ਇਸ ਕਾਰਣ ਬੈਂਕਾਂ ਦੀਆਂ ਸ਼ਾਖਾਵਾਂ ’ਚ ਭੀੜ ਜਮ੍ਹਾ ਹੋ ਰਹੀ ਹੈ ਅਤੇ ਕੋਰੋਨਾ ਵਾਇਰਸ ’ਤੇ ਰੋਕ ਲਈ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ। ਵਿੱਤੀ ਸੇਵਾ ਵਿਭਾਗ ਨੇ ਟਵੀਟ ’ਚ ਕਿਹਾ ਹੈ ਕਿ ਸਰਕਾਰ ਨੇ ਅਪ੍ਰੈਲ ਲਈ ਮਹਿਲਾ ਜਨ ਧਨ ਖਾਤਾਧਾਰਕਾਂ ਦੇ ਖਾਤਿਆਂ ’ਚ 500-500 ਰੁਪਏ ਪਾ ਦਿੱਤੇ ਹਨ। ਲਾਭਪਾਤਰੀ ਇਸ ਪੈਸੇ ਨੂੰ ਕਦੇ ਵੀ ਕੱਢ ਸਕਦੇ ਹਨ। ਲਾਭਪਾਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਸਹੂਲਤ ਅਨੁਸਾਰ ਏ. ਟੀ. ਐੱਮ. ਜਾਂ ਬੈਂਕ ’ਚੋਂ ਪੈਸਾ ਕੱਢ ਸਕਦੇ ਹਨ।


author

Karan Kumar

Content Editor

Related News