ਜਾਣੋ ਕਿਉਂ ਮਹਾਰਾਸ਼ਟਰ ਦੇ ਕਰਾਡ ਸਥਿਤ ਸਰਕਾਰੀ ਸਕੂਲ ਬਣਿਆ ਦੇਸ਼ ਭਰ ਦੇ ਸਕੂਲਾਂ ਲਈ ਮਿਸਾਲ

Friday, Apr 15, 2022 - 04:03 PM (IST)

ਜਾਣੋ ਕਿਉਂ ਮਹਾਰਾਸ਼ਟਰ ਦੇ ਕਰਾਡ ਸਥਿਤ ਸਰਕਾਰੀ ਸਕੂਲ ਬਣਿਆ ਦੇਸ਼ ਭਰ ਦੇ ਸਕੂਲਾਂ ਲਈ ਮਿਸਾਲ

ਸਤਾਰਾ- ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਕਰਾਡ ਦਾ ਇਕ ਸਰਕਾਰੀ ਸਕੂਲ ਦੇਸ਼ ਭਰ ਦੇ ਸਕੂਲਾਂ ਲਈ ਮਿਸਾਲ ਹੈ। ਕਰਾਡ 'ਚ ਨਗਰ ਨਿਗਮ ਦੇ 10 ਸਕੂਲ ਹਨ ਪਰ ਨੰਬਰ 3 ਸਕੂਲ ਸਭ ਤੋਂ ਵੱਖ ਹੈ। ਸਕੂਲ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਵਿਦਿਆਰਥੀਆਂ ਨੂੰ ਪਹਿਲੀ ਜਮਾਤ ਤੋਂ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ। ਵਿਅਕਤੀਤੱਵ ਦੀ ਨੀਂਹ ਮਜ਼ਬੂਤ ਕੀਤੀ ਜਾਂਦੀ ਹੈ ਅਤੇ ਗੁਣਵੱਤਾਪੂਰਨ ਸਿੱਖਿਆ 'ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਕਾਰਨ ਸੂਬੇ ਦੇ ਸਰਕਾਰੀ ਸਕੂਲਾਂ ਦੀ ਤੁਲਨਾ 'ਚ ਇਸ ਸਕੂਲ 'ਚ ਪਹਿਲੀ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਦੀ ਗਿਣਤੀ 2789 ਹੈ। ਇਹ ਗਿਣਤੀ 11 ਸਾਲ ਪਹਿਲਾਂ ਸਿਰਫ਼ 267 ਸੀ। ਇੱਥੇ ਅਧਿਆਪਕਾਂ ਅਤੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਉਤਸ਼ਾਹਤ ਵੀ ਕੀਤਾ ਜਾਂਦਾ ਹੈ। 

ਜਿਵੇਂ ਨਵੋਦਿਆ ਅਤੇ ਸੈਨਿਕ ਸਕੂਲਾਂ ਦੀ ਪ੍ਰੀਖਿਆ ਲਈ ਮਾਰਗਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਸੋਨੇ ਦੀ 5 ਗ੍ਰਾਮ ਦੀ ਅੰਗੂਠੀ ਦਿੱਤੀ ਜਾਂਦੀ ਹੈ। ਟੌਪਰ ਵਿਦਿਆਰਥੀਆਂ ਨੂੰ ਇਕ ਹਜ਼ਾਰ ਰੁਪਏ ਉਤਸ਼ਾਹਤ ਰਾਸ਼ੀ ਦਿੱਤੀ ਜਾਂਦੀ ਹੈ। ਇਹ ਪਰੰਪਰਾ ਸਾਲ 2011 ਤੋਂ ਚੱਲੀ ਆ ਰਹੀ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਰ ਸਾਲ ਦਿੱਲੀ ਤੋਂ ਲੈ ਕੇ ਗੜ੍ਹਚਿਰੌਲੀ ਤੱਕ ਦੇ ਨਵੇਂ-ਨਵੇਂ ਸਕੂਲਾਂ 'ਚ ਲਿਜਾਇਆ ਜਾਂਦਾ ਹੈ। ਖੇਤਰ ਦੇ 3 ਤਾਲੁਕਾ ਦੇ 50 ਤੋਂ ਵਧ ਪਿੰਡਾਂ ਦੇ ਵਿਦਿਆਰਥੀ ਇਸ ਸਕੂਲ 'ਚ ਪੜ੍ਹਦੇ ਹਨ। ਸਕੂਲਾਂ 'ਚ  34 ਕਲਾਸ ਰੂਮ ਅਤੇ 52 ਬੱਸਾਂ ਹਨ। ਇਹੀ ਨਹੀਂ 57 ਅਧਿਆਪਕ-ਅਧਿਆਪਿਕਾਵਾਂ, 4 ਕੰਪਿਊਟਰ ਅਧਿਆਪਕ, 2 ਸੰਗੀਤ ਅਧਿਆਪਕ ਹਨ। ਕਰਾਡ ਦੇ ਡੀ.ਐੱਸ.ਪੀ. ਡਾ. ਰਣਜੀਤ ਪਾਟਿਲ ਕਹਿੰਦੇ ਹਨ,''ਗੁਣਵੱਤਾ ਅਤੇ ਵਿਦਿਆਰਥੀ ਗਿਣਤੀ 'ਚ ਸੂਬੇ 'ਚ ਸਭ ਤੋਂ ਅੱਗੇ ਚੱਲ ਰਹੇ ਸਕੂਲ 'ਚ ਮੇਰਾ ਬੇਟਾ ਪੜ੍ਹ ਰਿਹਾ ਹੈ। ਮੈਨੂੰ ਮਾਣ ਹੈ। ਸਰਕਾਰੀ ਸਕੂਲ 'ਚ ਗੁਣਵੱਤਾਪੂਰਨ ਸਿੱਖਿਆ ਮਿਲ ਸਕਦੀ ਹੈ, ਇਹ ਇਸ ਸਕੂਲ ਨੇ ਸਾਬਿਤ ਕਰ ਦਿੱਤਾ ਹੈ।


author

DIsha

Content Editor

Related News