ਭਗੌੜੇ ਵਿਜੇ ਮਾਲਿਆ ਦੀ ਚਿੱਠੀ ਦਾ ਸਰਕਾਰ ਨੇ ਦਿੱਤਾ ਜਵਾਬ
Wednesday, Jun 27, 2018 - 09:37 AM (IST)

ਨਵੀਂ ਦਿੱਲੀ — ਬੈਂਕਾਂ ਦਾ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਫਰਾਰ ਹੋਏ ਵਿਜੇ ਮਾਲਿਆ ਦੀਆਂ ਦਲੀਲਾਂ 'ਤੇ ਸਰਕਾਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਰਾਜ ਮੰਤਰੀ ਐੱਮ.ਜੇ. ਅਕਬਰ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਉਹ ਕਰਜ਼ੇ ਦੀ ਅਦਾਇਗੀ ਕਰਨਾ ਚਾਹੁੰਦੇ ਸਨ ਤਾਂ ਕਈ ਸਾਲ ਪਹਿਲਾਂ ਹੀ ਇਸ ਦੀ ਅਦਾਇਗੀ ਕਰ ਸਕਦੇ ਸਨ।
ਮਾਲਿਆ ਕਈ ਸਾਲ ਪਹਿਲਾਂ ਹੀ ਅਦਾ ਕਰ ਸਕਦਾ ਸੀ ਕਰਜ਼ਾ
ਵਿਦੇਸ਼ ਰਾਜ ਮੰਤਰੀ ਐੱਮ.ਜੇ. ਅਕਬਰ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੇਕਰ ਵਿਜੇ ਮਾਲਿਆ ਬੈਂਕਾਂ ਦੇ ਕਰਜ਼ੇ ਦਾ ਭੁਗਤਾਨ ਕਰਨਾ ਚਾਹੁੰਦੇ ਤਾਂ ਮੇਰਾ ਮੰਨਣਾ ਹੈ ਕਿ ਕਰਜ਼ੇ ਦੀ ਅਦਾਇਗੀ ਉਹ ਕਈ ਸਾਲ ਪਹਿਲਾਂ ਹੀ ਕਰ ਸਕਦੇ ਸਨ। ਮਾਲਿਆ ਨੇ ਆਪਣੇ ਜਨਤਕ ਕੀਤੇ ਪੱਤਰ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ 15 ਅਪ੍ਰੈਲ 2016 ਨੂੰ ਪੱਤਰ ਲਿਖਿਆ ਸੀ ਪਰ ਉਨ੍ਹਾਂ ਵਲੋਂ ਪੱਤਰ ਦਾ ਕੋਈ ਜਵਾਬ ਨਹੀਂ ਮਿਲਿਆ ਅਤੇ ਹੁਣ ਮੈਂ ਸਭ ਕੁਝ ਸਪੱਸ਼ਟ ਕਰਨ ਲਈ ਇਨ੍ਹਾਂ ਪੱਤਰਾਂ ਨੂੰ ਜਨਤਕ ਕਰ ਰਿਹਾ ਹਾਂ।
9 ਹਜ਼ਾਰ ਕਰੋੜ ਰੁਪਏ ਲੈ ਕੇ ਫਰਾਰ ਹਨ ਮਾਲਿਆ
ਜ਼ਿਕਰਯੋਗ ਹੈ ਕਿ ਵਿਜੇ ਮਾਲਿਆ 'ਤੇ ਬੈਂਕਾਂ ਦੇ ਨਾਲ ਧੋਖਾਧੜੀ ਦਾ ਦੋਸ਼ ਹੈ। ਉਹ ਸਾਲ 2016 'ਚ ਭਾਰਤ ਤੋਂ ਫਰਾਰ ਹੋ ਕੇ ਯੂ.ਕੇ. ਚਲਾ ਗਿਆ ਅਤੇ ਹੁਣ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸਨੂੰ ਭਾਰਤ ਸਰਕਾਰ ਦੇ ਸਪੁਰਦ ਨਾ ਕੀਤਾ ਜਾਏ। ਮਾਲਿਆ ਭਾਰਤ ਤੋਂ ਉਸ ਸਮੇਂ ਫਰਾਰ ਹੋ ਗਿਆ ਸੀ ਜਦੋਂ ਬੈਂਕਾਂ ਦੇ ਇਕ ਸਮੂਹ ਨੇ ਉਸਦੇ ਖਿਲਾਫ 9 ਹਜ਼ਾਰ ਕਰੋੜ ਰੁਪਏ ਵਾਪਸ ਲੈਣ ਦੀ ਕੋਸ਼ਿਸ਼ ਸ਼ੁਰੂ ਕੀਤੀ । ਪਿਛਲੇ ਸਾਲ ਹੀ ਉਸਨੂੰ ਯੂ.ਕੇ. ਵਿਚ ਗ੍ਰਿਫਤਾਰ ਕੀਤਾ ਗਿਆ ਸੀ।