ਪੁਰਾਣੇ ਡਰੋਨਾਂ ਨੂੰ ਰਜਿਸਟਰ ਕਰਾਉਣ ਦਾ ਇਕ ਹੋਰ ਮੌਕਾ, ਨਹੀ ਤਾਂ ਹੋ ਸਕਦੀ ਹੈ ਕਾਰਵਾਈ
Wednesday, Jun 10, 2020 - 05:41 PM (IST)
ਨਵੀਂ ਦਿੱਲੀ (ਵਾਰਤਾ) : ਸਰਕਾਰ ਨੇ ਪੁਰਾਣੇ ਡਰੋਨਾਂ ਨੂੰ ਰਜਿਸਟਰ ਕਰਾਉਣ ਦਾ ਇਕ ਹੋਰ ਮੌਕਾ ਦਿੰਦੇ ਹੋਏ ਕਿਹਾ ਹੈ ਕਿ ਗ਼ੈਰਕਾਨੂੰਨੀ ਰੂਪ ਨਾਲ ਡਰੋਨ ਰੱਖਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਇਕ ਜਨਤਕ ਸੂਚਨਾ ਜਾਰੀ ਕਰਦੇ ਹੋਏ ਗ਼ੈਰਕਾਨੂੰਨੀ ਰੂਪ ਨਾਲ ਡਰੋਨ ਰੱਖਣ ਵਾਲਿਆਂ ਨੂੰ ਰਜਿਸਟਰ ਕਰਨ ਲਈ ਦੁਬਾਰਾ ਮੌਕਾ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਡਰੋਨ ਨੂੰ ਰਜਿਸਟਰ ਨਾ ਕਰਾਉਣ 'ਤੇ ਡਰੋਨ ਮਾਲਕਾਂ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਤੋਂ ਪਹਿਲਾਂ ਜਨਵਰੀ ਵਿਚ ਇਕ ਵਾਰ ਇਹ ਮੌਕਾ ਦਿੱਤਾ ਜਾ ਚੁੱਕਾ ਸੀ ਪਰ ਉਸ ਸਮੇਂ ਅੰਦਾਜ਼ੇ ਤੋਂ ਕਾਫ਼ੀ ਘੱਟ ਗਿਣਤੀ ਵਿਚ ਡਰੋਨਾਂ ਨੂੰ ਰਜਿਸਟਰ ਕਰਾਇਆ ਗਿਆ ਸੀ। ਸਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਵੱਲੋਂ 'ਸਿਵਲ ਏਵੀਏਸ਼ਨ ਰਿਕਵਾਇਰਮੈਂਟਸ' ਵਿਚ ਬਦਲਾਅ ਦੇ ਬਾਅਦ ਦੇਸ਼ ਵਿਚ ਡਰੋਨਾਂ ਨੂੰ ਚਲਾਉਣ ਲਈ ਉਨ੍ਹਾਂ ਦੀ ਰਜਿਸਟਰੇਸ਼ਨ ਲਾਜ਼ਮੀ ਹੋ ਗਈ ਸੀ। ਇਸ ਸਾਲ ਜਨਵਰੀ ਵਿਚ ਸਰਕਾਰ ਨੇ ਪੁਰਾਣੇ ਡਰੋਨਾਂ ਦੇ ਮਾਲਿਕਾਂ ਨੂੰ ਰਜਿਸਟਰ ਕਰਨ ਦਾ ਮੌਕਾ ਦਿੱਤਾ ਸੀ। ਉਨ੍ਹਾਂ ਨੂੰ 14 ਤੋਂ 31 ਜਨਵਰੀ ਦਰਮਿਆਨ ਡੀ.ਜੀ.ਸੀ.ਏ. ਦੇ 'ਡਿਜੀਟਲਸਕਾਈ' ਪੋਟਰਲ 'ਤੇ ਰਜਿਸਟਰ ਕਰਾਉਣ ਲਈ ਕਿਹਾ ਗਿਆ ਸੀ। ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਜਨਵਰੀ ਦੇ ਬਾਅਦ ਬਿਨਾਂ ਰਜਿਸਟਰੇਸ਼ਨ ਵਾਲੇ ਡਰੋਨਾਂ ਨੂੰ ਗ਼ੈਰਕਾਨੂੰਨੀ ਮੰਨਿਆ ਜਾਵੇਗਾ ਅਤੇ ਉਨ੍ਹਾਂ ਦੇ ਮਾਲਕਾਂ 'ਤੇ ਕਾਰਵਾਈ ਕੀਤੀ ਜਾਵੇਗੀ। ਉਸ ਸਮੇਂ ਸਿਰਫ 20 ਹਜ਼ਾਰ ਡਰੋਨ ਹੀ ਰਜਿਸਟਰ ਕਰਾਏ ਗਏ ਸਨ।
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਸੀ ਕਿ ਅੰਦਾਜ਼ੇ ਮੁਤਾਬਕ ਦੇਸ਼ ਵਿਚ ਤਿੰਨ ਤੋਂ ਚਾਰ ਲੱਖ ਪੁਰਾਣੇ ਡਰੋਨ ਹਨ ਅਤੇ ਇਸ ਪ੍ਰਕਾਰ ਸਿਰਫ 5 ਫ਼ੀਸਦੀ ਨੇ ਹੀ ਰਜਿਸਟਰਡ ਕੀਤਾ ਹੈ। ਮੰਤਰਾਲਾ ਵੱਲੋਂ ਮੰਗਲਵਾਰ ਨੂੰ ਜਾਰੀ ਜਨਤਕ ਸੂਚਨਾ ਵਿਚ ਕਿਸੇ ਆਖਰੀ ਤਰੀਕ ਦੀ ਚਰਚਾ ਨਹੀਂ ਕੀਤੀ ਗਈ ਹੈ। ਇਸ ਵਿਚ ਜਲਦ ਤੋਂ ਜਲਦ ਰਜਿਸਟਰੇਸ਼ਨ ਕਰਾਉਣ ਲਈ ਕਿਹਾ ਗਿਆ ਹੈ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਿਫਰ ਡਰੋਨ ਨੂੰ ਰਜਿਸਟਰਡ ਕਰਾਉਣ ਨਾਲ ਹੀ ਡਰੋਨ ਮਾਲਕ ਨੂੰ ਇਸ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਮਿਲ ਜਾਂਦੀ। ਇਸ ਦੇ ਲਈ ਉਨ੍ਹਾਂ ਨੂੰ ਡੀ.ਜੀ.ਸੀ.ਏ. ਵੱਲੋਂ ਤੈਅ ਨਿਯਮਾਂ ਦੇ ਤਹਿਤ ਇਜਾਜ਼ਤ ਲੈਣੀ ਹੋਵੇਗੀ।