ਭਾਰਤ ਸਰਕਾਰ ਦੇ ''ਵੰਦੇ ਭਾਰਤ ਮਿਸ਼ਨ'' ''ਤੇ US ਅਤੇ UAE ਨੇ ਜਤਾਇਆ ਇਤਰਾਜ਼, ਜਾਣੋ ਕਾਰਨ

06/28/2020 2:27:50 PM

ਨਵੀਂ ਦਿੱਲੀ : ਵਿਦੇਸ਼ ਵਿਚ ਫਸੇ ਭਾਰਤੀਆਂ ਦੀ ਆਪਣੇ ਦੇਸ਼ ਵਾਪਸੀ ਲਈ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ 'ਵੰਦੇ ਭਾਰਤ ਮਿਸ਼ਨ' 'ਤੇ ਅਮਰੀਕਾ ਅਤੇ ਯੂ.ਏ.ਈ. ਨੇ ਇਤਰਾਜ਼ ਜਤਾਇਆ ਹੈ ਅਤੇ ਕਿਹਾ ਹੈ ਕਿ ਏਅਰ ਇੰਡੀਆ ਦੀ ਉਡਾਣ ਨੂੰ ਉਨ੍ਹਾਂ ਦੇ ਦੇਸ਼ ਆਉਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਅਮਰੀਕਾ ਅਤੇ ਯੂ.ਏ.ਈ. ਨੇ ਭਾਰਤ ਦੀ ਇਸ ਪਹਿਲ ਨੂੰ ਭੇਦਭਾਵਪੂਰਣ ਦੱਸਿਆ ਹੈ।

ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਇੰਡੋ-ਯੂ.ਐਸ. ਰੂਟਸ 'ਤੇ ਅਮਰੀਕੀ ਜਹਾਜ਼ਾਂ ਦੇ ਸੰਚਾਲਨ ਦੀ ਮਨਜ਼ੂਰੀ ਨਹੀਂ ਦੇ ਰਹੀ ਹੈ, ਜਦੋਂ ਕਿ ਏਅਰ ਇੰਡੀਆ ਵੰਦੇ ਭਾਰਤ ਮਿਸ਼ਨ ਤਹਿਤ ਖੁਦ ਉਡਾਣ ਭਰ ਰਹੀ ਹੈ। ਅਮਰੀਕਾ ਨੇ 22 ਜੁਲਾਈ ਤੋਂ ਏਅਰ ਇੰਡੀਆ ਦੀ ਉਡਾਣ ਨੂੰ ਇੰਡੋ-ਯੂ.ਐਸ. ਰੂਟ ਤੋਂ ਉਡਾਣ ਆਪਰੇਟ ਕਰਨ 'ਤੇ ਰੋਕ ਲਗਾ ਦਿੱਤੀ ਹੈ। ਹੁਣ ਏਅਰ ਇੰਡੀਆਂ ਨੂੰ ਉਡਾਣ ਭਰਨ ਲਈ ਪਹਿਲਾਂ ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ (DoT) ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।

ਉਥੇ ਹੀ ਯੂ.ਏ.ਈ. ਨੇ ਵੀ ਏਅਰ ਇੰਡੀਆ ਦੀ ਉਡਾਣਾਂ ਦੇ ਉਨ੍ਹਾਂ ਦੇ ਦੇਸ਼ ਵਿਚ ਆਉਣ 'ਤੇ ਰੋਕ ਲਗਾ ਦਿੱਤੀ ਹੈ। ਯੂ.ਏ.ਈ. ਨੇ ਕਿਹਾ ਹੈ ਕਿ ਜੇਕਰ ਏਅਰ ਇੰਡੀਆ ਦੀ ਉਡਾਣ ਰਾਹੀਂ ਯੂ.ਏ.ਈ. ਦੇ ਨਾਗਰਿਕ ਵੀ ਵਾਪਸ ਪਰਤ ਰਹੇ ਹਨ ਤਾਂ ਵੀ ਉਨ੍ਹਾਂ ਨੂੰ ਪਹਿਲਾਂ ਦਿੱਲੀ ਵਿਚ ਸਥਿਤ ਯੂ.ਏ.ਈ. ਦੀ ਅੰਬੈਸੀ ਤੋਂ ਇਸ ਦੀ ਮਨਜ਼ੂਰੀ ਲੈਣੀ ਹੋਵੇਗੀ।

ਦੱਸ ਦੇਈਏ ਕਿ ਭਾਰਤ ਸਰਕਾਰ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਆਪਣੇ ਦੇਸ਼ ਲਿਆਉਣ ਲਈ ਆਗਾਮੀ 3 ਜੁਲਾਈ ਤੋਂ ਵੰਦੇ ਭਾਰਤ ਮਿਸ਼ਨ ਦਾ ਚੌਥਾ ਪੜਾਅ ਸ਼ੁਰੂ ਕਰੇਗੀ। ਇਹ ਮਿਸ਼ਨ ਬੀਤੇ 7 ਹਫਤਿਆਂ ਤੋਂ ਚੱਲ ਰਿਹਾ ਹੈ। ਇਸ ਮਿਸ਼ਨ ਦੇ ਪਹਿਲੇ 3 ਪੜਾਵਾਂ ਵਿਚ 50 ਦੇਸ਼ਾਂ ਵਿਚ 875 ਕੌਮਾਂਤਰੀ ਉਡਾਣਾਂ ਦਾ ਸੰਚਾਲਨ ਕੀਤਾ ਜਾਣਾ ਸੀ। ਇਨ੍ਹਾਂ ਵਿਚੋਂ 700 ਉਡਾਣਾਂ ਹੁਣ ਤੱਕ ਭਾਰਤ ਪਹੁੰਚ ਚੁੱਕੀਆਂ ਹਨ।


cherry

Content Editor

Related News