ਸਰਕਾਰ ਦੀ ਚਿਤਾਵਨੀ! ਪਲੇਅ ਸਟੋਰ ’ਤੇ ਹਨ ਹਜ਼ਾਰਾਂ ਫਰਜ਼ੀ Co-WIN ਐਪ, ਭੁੱਲ ਕੇ ਵੀ ਨਾ ਕਰੋ ਡਾਊਨਲੋਡ
Thursday, Jan 07, 2021 - 11:21 AM (IST)
ਨਵੀਂ ਦਿੱਲੀ– ਭਾਰਤ ਸਰਕਾਰ ਨੇ ਕੋਰੋਨਾ ਵੈਕਸੀਨ ਲਗਵਾਉਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਲਈ Co-WIN ਐਪ ਲਾਂਚ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਨੇ ਅਧਿਕਾਰਤ ਤੌਰ ’ਤੇ ਅਜੇ ਤਕ Co-WIN ਐਪ ਨੂੰ ਲਾਂਚ ਨਹੀਂ ਕੀਤਾ ਪਰ ਗੂਗਲ ਪਲੇਅ ਸਟੋਰ ਤੇ ਤੁਹਾਨੂੰ ਕਈ CoWIN ਐਪ ਮਿਲ ਜਾਣਗੇ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਗੂਗਲ ਪਲੇਅ ਸਟੋਰ ’ਤੇ ਮੌਜੂਦ ਸਾਰੇ CoWIN ਐਪ ਫਰਜ਼ੀ ਹਨ। ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਬੁੱਧਵਾਰ ਨੂੰ ਲੋਕਾਂ ਨੂੰ Co-WIN ਨਾਮ ਦੇ ਕਿਸੇ ਵੀ ਮੋਬਾਇਲ ਐਪ ਨੂੰ ਡਾਊਨਲੋਡ ਕਰਨ ਅਤੇ ਉਨ੍ਹਾਂ ’ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਮਨ੍ਹਾ ਕੀਤਾ ਹੈ। ਸਰਕਰਾ ਵਲੋਂ ਇਕ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਟਵੀਟ ਮੁਤਾਬਕ, ਇਹ ਕੇਂਦਰ ਸਰਕਾਰ ਦੀ ਅਧਿਕਾਰਤ Co-WIN ਐਪ ਨਹੀਂ ਹੈ। ਗੂਗਲ ਪਲੇਅ ਸਟੋਰ ’ਤੇ ਇਸ ਨਾਲ ਮਿਲਦੇ-ਜੁਲਦੇ ਨਾਮ ਵਾਲੇ ਕਈ ਐਪ ਆ ਗਏ ਹਨ ਜੋ ਤੁਹਾਡੇ ਕੋਲੋਂ ਨਿੱਜੀ ਜਾਣਕਾਰੀ ਮੰਗ ਰਹੇ ਹਨ। ਕਈ ਐਪਸ ਤਾਂ ਅਜਿਹੇ ਹਨ ਜਿਨ੍ਹਾਂ ਨੂੰ 10 ਹਜ਼ਾਰ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਨਾਲ ਯੂਜ਼ਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕੀਤਾ ਟਵੀਟ
ਕੇਂਦਰੀ ਸਿਹਤ ਮੰਤਰਾਲੇ ਨੇ ਟਵੀਟ ਕੀਤਾ ਹੈ ਕਿ ਕੁਝ ਐਪ ਜਿਨ੍ਹਾਂ ਦਾ ਨਾਮ Co-WIN ਹੈ, ਉਨ੍ਹਾਂ ਨੂੰ ਧੋਖੇਬਾਜ਼ਾਂ ਨੇ ਆਉਣ ਵਾਲੇ ਸਰਕਾਰ ਦੇ ਅਧਿਕਾਰਤ ਪਲੇਟਫਾਰਮ ਦੇ ਸਮਾਨ ਨਾਮ ਵਾਲਾ ਬਣਾਇਆ ਹੈ, ਇਹ ਐਪ ਪਲੇਅ ਸਟੋਰ ’ਤੇ ਮੌਜੂਦ ਹਨ। ਇਨ੍ਹਾਂ ਨੂੰ ਡਾਊਨਲੋਡ ਜਾਂ ਇਨ੍ਹਾਂ ’ਤੇ ਨਿੱਜੀ ਜਾਣਕਾਰੀ ਨੂੰ ਸਾਂਝੀ ਨਾ ਕਰੋ।
Some apps named "#CoWIN" apparently created by unscrupulous elements to sound similar to upcoming official platform of Government, are on Appstores.
— Ministry of Health (@MoHFW_INDIA) January 6, 2021
DO NOT download or share personal information on these. #MoHFW Official platform will be adequately publicised on its launch.
ਜਲਦ ਲਾਂਚ ਕੀਤਾ ਜਾ ਸਕਦਾ ਹੈ ਅਸਲੀ Co-WIN ਐਪ
ਸਰਕਾਰ ਮੁਤਾਬਕ,13 ਜਨਵਰੀ ਤੋਂ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਸਕਦੀ ਹੈ। ਵੈਕਸੀਨੇਸ਼ਨ ਦੇ ਪੂਰੇ ਪ੍ਰੋਸੈਸ ਦੀ ਜਾਣਕਾਰੀ ਲਈ ਕੇਂਦਰ ਸਰਕਾਰ ਵਲੋਂ Co-WIN ਐਪ ਨੂੰ ਜਲਦ ਲਾਂਚ ਕੀਤਾ ਜਾਵੇਗਾ। ਇਸ ਐਪ ਰਾਹੀਂ ਕੋਵਿਡ-19 ਵੈਕਸੀਨ ਲਈ ਮੁਫ਼ਤ ਰਜਿਸਟ੍ਰੇਸ਼ਨ ਕਰ ਸਕੋਗੇ। Co-WIN ਐਪ ਗੂਗਲ ਪਲੇਅ ਸਟੋਰ ’ਤੇ ਬਿਲਕੁਲ ਮੁਫ਼ਤ ਡਾਊਨਲੋਡ ਲਈ ਉਪਲੱਬਧ ਹੋਵੇਗਾ। ਫਿਲਹਾਲ, ਗੂਗਲ ਪਲੇਅ ਸਟੋਰ ਜਾਂ ਦੂਜੇ ਕਿਸੇ ਐਪ ਸਟੋਰ ’ਤੇ Co-WIN ਐਪ ਅਜੇ ਲਾਈਵ ਨਹੀਂ ਹੋਇਆ।