ਚੀਨ ਦੇ ਕਦਮ ਨੂੰ ਨਜ਼ਰਅੰਦਾਜ ਕਰ ਭਾਰਤ ਨਾਲ ''ਵਿਸ਼ਵਾਸਘਾਤ'' ਕਰ ਰਹੀ ਹੈ ਸਰਕਾਰ : ਰਾਹੁਲ ਗਾਂਧੀ
Friday, Jun 10, 2022 - 11:47 AM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਨਾਲ ਲੱਗਦੀ ਸਰਹੱਦ ਨੇੜੇ ਚੀਨ ਵਲੋਂ ਬੁਨਿਆਦੀ ਢਾਂਚੇ ਦਾ ਵਿਕਾਸ ਕੀਤੇ ਜਾਣ 'ਤੇ ਅਮਰੀਕਾ ਦੇ ਇਕ ਸੀਨੀਅਰ ਫ਼ੌਜ ਅਧਿਕਾਰੀ ਦੇ ਬਿਆਨ ਦੀ ਪਿੱਠ ਭੂਮੀ 'ਚ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਬੀਜਿੰਗ ਦੇ ਇਸ ਕਦਮ ਨੂੰ ਨਜ਼ਰਅੰਦਾਜ ਕਰ ਕੇ ਕੇਂਦਰ ਸਰਕਾਰ ਭਾਰਤ ਨਾਲ ਵਿਸ਼ਵਾਸਘਾਤ ਕਰ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਚੀਨ ਭਵਿੱਖ 'ਚ ਦੁਸ਼ਮਣੀ ਵਾਲੀ ਕਾਰਵਾਈ ਲਈ ਬੁਨਿਆਦ ਤਿਆਰ ਕਰ ਰਿਹਾ ਹੈ। ਇਸ ਨੂੰ ਨਜ਼ਰਅੰਦਾਜ ਕਰ ਕੇ ਸਰਕਾਰ ਭਾਰਤ ਨਾਲ ਵਿਸ਼ਵਾਸਘਾਤ ਕਰ ਰਹੀ ਹੈ।''
ਦੱਸਣਯੋਗ ਹੈ ਕਿ ਅਮਰੀਕੀ ਫ਼ੌਜ ਦੇ ਪ੍ਰਸ਼ਾਂਤ ਖੇਤਰ ਦੇ ਕਮਾਂਡਿੰਗ ਜਨਰਲ ਚਰਲਸ ਏ. ਫਲਿਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਭਾਰਤ ਨਾਲ ਲੱਗਦੀ ਸਰਹੱਦ ਨੇੜੇ ਚੀਨ ਵਲੋਂ ਕੁਝ ਰੱਖਿਆ ਬੁਨਿਆਦੀ ਢਾਂਚੇ ਸਥਾਪਤ ਕੀਤਾ ਜਾਣਾ ਚਿੰਤਾ ਦੀ ਗੱਲ ਹੈ। ਇਸ ਨਾਲ ਜੁੜੇ ਸਵਾਲ 'ਤੇ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਚੀਨ ਤੋਂ ਉਮੀਦ ਕਰਦਾ ਹੈ ਕਿ ਅਗਲੇ ਦੌਰ ਦੀ ਫ਼ੌਜ ਪੱਧਰ ਦੀ ਵਾਰਤਾ 'ਚ ਉਹ ਪੂਰਬੀ ਲੱਦਾਖ ਨਾਲ ਜੁੜੇ ਮੁੱਦਿਆਂ ਦਾ ਸਾਂਝਾ ਰੂਪ ਨਾਲ ਮਨਜ਼ੂਰ ਹੱਲ ਕੱਢਣ ਲਈ ਕੰਮ ਕਰੇਗਾ, ਕਿਉਂਕਿ ਦੋਵੇਂ ਪੱਖਾਂ ਦਾ ਮੰਨਣਾ ਹੈ ਕਿ ਮੌਜੂਦਾ ਸਥਿਤੀ ਦਾ ਲੰਬਾ ਖਿੱਚਣਾ ਕਿਸੇ ਦੇ ਹਿੱਤ 'ਚ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਪੱਛਮੀ ਖੇਤਰ 'ਚ ਚੀਨ ਵਲੋਂ ਸਰਹੱਦੀ ਖੇਤਰਾਂ 'ਚ ਬੁਨਿਆਦੀ ਢਾਂਚੇ ਦੇ ਨਿਰਮਾਣ ਸਮੇਤ ਸਾਰੇ ਘਟਨਾਕ੍ਰਮ 'ਤੇ ਸਾਵਧਾਨੀਪੂਰਵਕ ਨਜ਼ਰ ਰੱਖਦੀ ਹੈ ਅਤੇ ਖੇਤਰੀ ਅਖੰਡਤਾ ਅਤ ਪ੍ਰਭੂਸੱਤਾ ਦੀ ਰੱਖਿਆ ਲਈ ਸਾਰੇ ਉਪਾਅ ਕਰਨ ਨੂੰ ਵਚਨਬੱਧ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ