ਬਿਹਾਰ ’ਚ ਨਹੀਂ ਹੈ ‘ਡਬਲ ਇੰਜਣ’ ਸਰਕਾਰ, ਸਭ ਕੁਝ ਦਿੱਲੀ ਤੋਂ ਹੁੰਦੈ ਕੰਟਰੋਲ : ਪ੍ਰਿਅੰਕਾ ਗਾਂਧੀ
Saturday, Nov 01, 2025 - 10:25 PM (IST)
ਪਟਨਾ/ਬੇਗੂਸਰਾਏ -ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਢੇਰਾ ਨੇ ਸ਼ਨੀਵਾਰ ਨੂੰ ਬਿਹਾਰ ਵਿਚ ਬੇਰੁਜ਼ਗਾਰੀ ਅਤੇ ਹਿਜ਼ਰਤ ਦੇ ਮੁੱਦੇ ’ਤੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਸੂਬੇ ਵਿਚ ‘ਡਬਲ-ਇੰਜਣ ਦੀ ਸਰਕਾਰ’ ਨਹੀਂ ਹੈ ਕਿਉਂਕਿ ‘ਸਭ ਕੁਝ ਦਿੱਲੀ ਤੋਂ ਕੰਟਰੋਲ ਕੀਤਾ ਜਾਂਦਾ ਹੈ।’
ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੇਗੂਸਰਾਏ ਵਿਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਨੇ ਦੋਸ਼ ਲਗਾਇਆ ਕਿ ਕੇਂਦਰ ਅਤੇ ਸੂਬਾ, ਦੋਵਾਂ ਵਿਚ ਰਾਜਗ ਦੀਆਂ ਸਰਕਾਰਾਂ ‘ਵੰਡਪਾਊ ਰਾਜਨੀਤੀ’ ਅਤੇ ‘ਝੂਠੇ ਰਾਸ਼ਟਰਵਾਦ’ ਦਾ ਸਹਾਰਾ ਲੈ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਭਾਰਤੀ ਸੰਵਿਧਾਨ ਦਾ ਸਭ ਤੋਂ ਵੱਡਾ ਵਰਦਾਨ ਹੈ ਪਰ ਰਾਜਗ ਸਰਕਾਰ ਨੇ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਰਾਹੀਂ ਲੋਕਾਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਕਮਜ਼ੋਰ ਕਰ ਦਿੱਤਾ, ਜਿਸ ਵਿਚ 65 ਲੱਖ ਵੋਟਰਾਂ ਦੇ ਨਾਂ ਵੋਟਰ ਸੂਚੀ ਵਿਚੋਂ ਹਟਾ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਬਿਹਾਰ ’ਚ ਕੋਈ ਡਬਲ ਇੰਜਣ ਸਰਕਾਰ ਨਹੀਂ ਹੈ ਸਗੋਂ ਇਕ ਹੀ ਇੰਜਣ ਹੈ ਸਭ ਕੁਝ ਦਿੱਲੀ ਤੋਂ ਕੰਟਰੋਲ ਕੀਤਾ ਜਾਂਦਾ ਹੈ। ਨਾ ਤਾਂ ਤੁਹਾਡੀ ਸੁਣੀ ਜਾਂਦੀ ਹੈ ਅਤੇ ਨਾ ਹੀ ਤੁਹਾਡੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਨਮਾਨ ਹੁੰਦਾ ਹੈ। ਪ੍ਰਿਅੰਕਾ ਨੇ ਵੋਟਰ ਸੂਚੀ ਦੀ ਸਮੀਖਿਆ ਪ੍ਰਕਿਰਿਆ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਵੋਟਰਾਂ ਦੇ ਨਾਂ ਹਟਾਉਣਾ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ।
ਕਾਂਗਰਸ ਸੰਸਦ ਮੈਂਬਰ ਨੇ ਦੋਸ਼ ਲਗਾਇਆ ਕਿ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਵੰਡਿਆ, ਫਿਰ ਲੜਾਈ ਕਰਵਾਈ ਪਰ ਹੁਣ ਜਨਤਾ ਦਾ ਧਿਆਨ ਅਸਲੀ ਮੁੱਦਿਆਂ ਤੋਂ ਨਹੀਂ ਹਟਾ ਸਕੇ ਤਾਂ ਹੁਣ ਵੋਟ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
