ਕੇਂਦਰ ਅਤੇ ਕਿਸਾਨ ਆਗੂਆਂ ਵਿਚਾਲੇ ਬੈਠਕ ਜਾਰੀ, BJP ਦੇ ਕਈ ਵੱਡੇ ਨੇਤਾ ਸ਼ਾਮਲ
Tuesday, Dec 01, 2020 - 03:50 PM (IST)
ਨਵੀਂ ਦਿੱਲੀ- ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਰਮਿਆਨ ਗੱਲਬਾਤ ਸ਼ੁਰੂ ਹੋ ਗਈ ਹੈ। ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਰਕਾਰ ਨੇ ਚਰਚਾ ਲਈ ਬੁਲਾਇਆ ਹੈ। ਇਹ ਬੈਠਕ ਵਿਗਿਆਨ ਭਵਨ 'ਚ ਚੱਲ ਰਹੀ ਹੈ। ਸਰਕਾਰ ਵਲੋਂ ਕਿਸਾਨਾਂ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਗੱਲਬਾਤ ਹੋ ਰਹੀ ਹੈ। ਕੁੱਲ 35 ਕਿਸਾਨ ਆਗੂਆਂ ਨੇ ਇਸ ਗੱਲਬਾਤ 'ਚ ਹਿੱਸਾ ਲਿਆ ਹੈ। ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਅਤੇ ਰੇਲ ਮੰਤਰੀ ਪੀਊਸ਼ ਗੋਇਲ ਵੀ ਮੌਜੂਦ ਹਨ। ਬੈਠਕ ਤੋਂ ਖੇਤੀਬਾੜੀ ਮੰਦਰ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਗੱਲਬਾਤ 'ਤੇ ਚਰਚਾ ਕਰਾਂਗੇ ਕਿ ਕਿਵੇਂ ਉਨ੍ਹਾਂ ਦੇ ਮੁੱਦਿਆਂ ਦਾ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਸੁਣਵਾਈ ਤੋਂ ਬਾਅਦ ਸਰਕਾਰ ਹੱਲ ਕੱਢੇਗੀ।
ਦਰਅਸਲ ਸਰਕਾਰ ਵਲੋਂ 3 ਦਸੰਬਰ ਤੋਂ ਪਹਿਲਾਂ ਹੀ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਮਨਜ਼ੂਰ ਕੀਤਾ। ਸਰਕਾਰ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਅਤੇ ਬਿਨਾਂ ਸ਼ਰਤ ਦੇ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਰਕਾਰ ਗੱਲਬਾਤ ਲਈ ਸ਼ਰਤਾਂ ਰੱਖ ਰਹੀ ਸੀ ਕਿ ਬੁਰਾੜੀ ਮੈਦਾਨ 'ਚ ਚਲੇ ਜਾਓ, ਸਰਕਾਰ ਤੁਹਾਡੀ ਗੱਲ ਸੁਣੇਗੀ ਪਰ ਕਿਸਾਨਾਂ ਨੇ ਇਹ ਪ੍ਰਸਤਾਵ ਠੁਕਰਾ ਦਿੱਤਾ ਸੀ। ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਲਈ ਜ਼ਰੂਰ ਜਾ ਰਹੇ ਹਾਂ ਪਰ ਆਪਣੀਆਂ ਮੰਗਾਂ ਮੰਨਵਾਏ ਬਿਨਾਂ ਨਹੀਂ ਪਰਤਾਂਗੇ। ਕਿਸਾਨ ਉਂਝ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਡਟੇ ਹੋਏ ਹਨ।