ਸਰਕਾਰ ਦੀ 'ਖ਼ਾਮੋਸ਼ੀ' ਕਿਸਾਨ ਅੰਦੋਲਨ ਵਿਰੁੱਧ ਵੱਡਾ ਕਦਮ ਚੁੱਕਣ ਦਾ ਸੰਕੇਤ : ਰਾਕੇਸ਼ ਟਿਕੈਤ
Monday, Mar 01, 2021 - 11:50 AM (IST)
ਬਿਜਨੌਰ- ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਦੀ 'ਖ਼ਾਮੋਸ਼ੀ' ਇਸ਼ਾਰਾ ਕਰ ਰਹੀ ਹੈ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਵਿਰੁੱਧ ਕੁਝ ਰੂਪਰੇਖਾ ਤਿਆਰ ਕਰ ਰਹੀ ਹੈ। ਸਰਕਾਰ ਕਿਸਾਨ ਯੂਨੀਅਨਾਂ ਵਿਚਾਲੇ ਗੱਲਬਾਤ ਦਾ ਦੌਰ ਰੁਕਣ 'ਤੇ ਉਨ੍ਹਾਂ ਕਿਹਾ ਕਿ ਫਿਰ ਤੋਂ ਗੱਲ ਕਰਨ ਦਾ ਪ੍ਰਸਤਾਵ ਸਰਕਾਰ ਨੂੰ ਹੀ ਲਿਆਉਣਾ ਹੋਵੇਗਾ। ਭਾਕਿਯੂ ਬੁਲਾਰੇ ਰਾਕੇਸ਼ ਟਿਕੈਤ ਨੇ ਉਤਰਾਖੰਡ ਦੇ ਊਧਮਸਿੰਘਨਗਰ ਜਾਂਦੇ ਸਮੇਂ ਐਤਵਾਰ ਰਾਤ ਬਿਜਨੌਰ ਦੇ ਅਫਜਲਗੜ੍ਹ 'ਚ ਪੱਤਰਕਾਰਾਂ ਨੂੰ ਕਿਹਾ,''15-20 ਦਿਨਾਂ ਤੋਂ ਕੇਂਦਰ ਸਰਕਾਰ ਦੀ ਖਾਮੋਸ਼ੀ ਤੋਂ ਸੰਕੇਤ ਮਿਲ ਰਿਹਾ ਹੈ ਕਿ ਕੁਝ ਹੋਣ ਵਾਲਾ ਹੈ। ਸਰਕਾਰ ਅੰਦੋਲਨ ਵਿਰੁੱਧ ਕੁਝ ਕਦਮ ਚੁੱਕਣ ਦੀ ਰੂਪਰੇਖਾ ਬਣਾ ਰਹੀ ਹੈ।'' ਟਿਕੈਤ ਨੇ ਕਿਹਾ,''ਹੱਲ ਨਿਕਲਣ ਤੱਕ ਕਿਸਾਨ ਵਾਪਸ ਨਹੀਂ ਜਾਣਗੇ। ਕਿਸਾਨ ਵੀ ਤਿਆਰ ਹੈ, ਉਹ ਖੇਤੀ ਵੀ ਦੇਖੇਗਾ ਅਤੇ ਅੰਦੋਲਨ ਵੀ ਕਰੇਗਾ। ਸਰਕਾਰ ਨੂੰ ਜਦੋਂ ਸਮਾਂ ਹੋਵੇ ਗੱਲਬਾਤ ਕਰ ਲਵੇ।''
ਟਿਕੈਤ ਨੇ ਕਿਹਾ ਕਿ 24 ਮਾਰਚ ਤੱਕ ਦੇਸ਼ 'ਚ ਕਈ ਜਗ੍ਹਾ ਮਹਾਪੰਚਾਇਤ ਕੀਤੀ ਜਾਵੇਗੀ। ਗਣਤੰਤਰ ਦਿਵਸ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਲਾਲ ਕਿਲਾ ਕੰਪਲੈਕਸ 'ਚ ਹੰਗਾਮੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰਾ ਬਖੇੜਾ ਸਰਕਾਰ ਨੇ ਖੜ੍ਹਾ ਕੀਤਾ। ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਜਗ੍ਹਾ-ਜਗ੍ਹਾ ਆਪਣੀ ਫ਼ਸਲ ਨਸ਼ਟ ਕਰਨ ਸੰਬੰਧੀ ਸਵਾਲ 'ਤੇ ਟਿਕੈਤ ਨੇ ਕਿਹਾ,''ਭਾਕਿਯੂ ਤਾਂ ਕਿਸਾਨਾਂ ਨੂੰ ਦੱਸ ਰਹੀ ਹੈ ਕਿ ਹਾਲੇ ਅਜਿਹਾ ਸਮਾਂ ਨਹੀਂ ਆਇਆ ਹੈ ਪਰ ਸਰਕਾਰ ਕਿਸਾਨ ਨੂੰ ਅਜਿਹਾ ਕਦਮ ਚੁੱਕਣ ਤੋਂ ਰੋਕਣ ਲਈ ਕੋਈ ਅਪੀਲ ਕਿਉਂ ਨਹੀਂ ਕਰ ਰਹੀ ਹੈ।'' ਟਿਕੈਤ ਨੇ ਉੱਤਰ ਪ੍ਰਦੇਸ਼ 'ਚ ਜ਼ਿਲ੍ਹਾ ਪੱਧਰ 'ਤੇ ਕਿਸਾਨ ਅੰਦੋਲਨ ਨੂੰ ਵਧਾਉਣ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ ਹੁਣ ਕਣਕ ਦੀ ਤਿਆਰ ਫ਼ਸਲ ਆਉਣ ਵਾਲੀ ਹੈ, ਜੇਕਰ ਕਿਸਾਨ ਦਾ ਕਣਕ ਐੱਮ.ਐੱਸ.ਪੀ. 'ਤੇ ਨਹੀਂ ਖਰੀਦਿਆ ਜਾਂਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ ਅਤੇ ਇਸ ਲਈ ਕਿਸਾਨ ਜ਼ਿਲ੍ਹਾ ਅਧਿਕਾਰੀ ਦਫ਼ਤਰ ਦੇ ਸਾਹਮਣੇ ਧਰਨਾ ਦੇਣਗੇ।
ਇਹ ਵੀ ਪੜ੍ਹੋ : ਮੇਰਠ ਕਿਸਾਨ ਮਹਾਪੰਚਾਇਤ ’ਚ ਕੇਜਰੀਵਾਲ ਬੋਲੇ-ਤਿੰਨੋਂ ਖੇਤੀ ਕਾਨੂੰਨ, ਕਿਸਾਨਾਂ ਲਈ ਡੈੱਥ ਵਾਰੰਟ