ਸਰਕਾਰ ਨੂੰ ਕਿਸਾਨਾਂ ਦਾ ਅਪਮਾਨ ਕਰਨ ਦਾ ਹੱਕ ਨਹੀਂ ਹੈ : ਪ੍ਰਿਯੰਕਾ ਗਾਂਧੀ

2/15/2021 3:56:19 PM

ਲਖਨਊ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਸਾਨਾਂ ਦੀ ਮੰਗ ਨਹੀਂ ਸੁਣਨ ਨੂੰ ਲੈ ਕੇ ਸਰਕਾਰ ਨੂੰ ਕਿਹਾ ਕਿ ਜਿਸ ਕਿਸਾਨ ਦਾ ਤੁਸੀਂ ਅਪਮਾਨ ਕਰ ਰਹੇ ਹੋ, ਉਸ ਦਾ ਪੁੱਤ ਸਰਹੱਦ 'ਤੇ ਤੁਹਾਡੀ ਸੁਰੱਖਿਆ ਕਰ ਰਿਹਾ ਹੈ, ਤੁਹਾਨੂੰ ਉਨ੍ਹਾਂ ਦਾ ਅਪਮਾਨ ਕਰਨ ਦਾ ਹੱਕ ਨਹੀਂ ਹੈ।'' ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ 'ਤੇ ਪ੍ਰਿਯੰਕਾ ਨੇ ਕਿਹਾ,''ਪ੍ਰਧਾਨ ਮੰਤਰੀ ਜੀ ਤੁਸੀਂ ਜੋ ਇਹ ਕਾਨੂੰਨ ਬਣਾਇਆ ਹੈ, ਉਸ ਨਾਲ ਦੇਸ਼ ਦਾ ਕਿਸਾਨ, ਇਸ ਦੇਸ਼ ਦਾ ਗਰੀਬ ਸੰਕਟ 'ਚ ਹੈ, ਰੋ ਰਿਹਾ ਹੈ ਆਪਣਾ ਅਧਿਕਾਰ ਮੰਗ ਰਿਹਾ ਹੈ। ਤੁਸੀਂ ਇਸ ਕਾਨੂੰਨ ਨੂੰ ਵਾਪਸ ਲਵੋ, ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰੋ। ਜਿਨ੍ਹਾਂ ਨੇ ਤੁਹਾਨੂੰ ਸੱਤਾ ਦਿੱਤੀ ਹੈ, ਉਨ੍ਹਾਂ ਨੂੰ ਅਪਮਾਨਤ ਨਾ ਕਰੋ।''

ਨੇਤਾ ਨੂੰ ਹੰਕਾਰ ਹੋਣ 'ਤੇ ਦੇਸ਼ਵਾਸੀ ਸਬਕ ਸਿਖਾਉਂਦੇ ਹਨ
ਬਿਜਨੌਰ 'ਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ,''ਕਿਸਾਨ ਤੁਹਾਡੇ ਦਰਵਾਜ਼ੇ 'ਤੇ ਖੜ੍ਹਾ ਹੈ, ਉਸ ਦਾ ਪੁੱਤ ਤੁਹਾਡੀ ਸਰਹੱਦ 'ਤੇ ਖੜ੍ਹਾ ਹੈ। ਜਿਸ ਕਿਸਾਨ ਦਾ ਤੁਸੀਂ ਅਪਮਾਨ ਕਰ ਰਹੇ ਹੋ, ਉਸ ਦਾ ਪੁੱਤ ਸਰਹੱਦ 'ਤੇ ਤੁਹਾਡੀ ਰੱਖਿਆ ਕਰ ਰਿਹਾ ਹੈ।'' ਸਰਕਾਰ ਨੂੰ ਹੰਕਾਰੀ ਦੱਸਦੇ ਹੋਏ ਪ੍ਰਿਯੰਕਾ ਨੇ ਕਿਹਾ,''ਨੇਤਾ 2 ਤਰ੍ਹਾਂ ਦੇ ਹੁੰਦੇ ਹਨ, ਕੁਝ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਬਹੁਤ ਹੰਕਾਰ ਹੋ ਜਾਂਦਾ ਹੈ, ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੂੰ ਸੱਤਾ ਦੇਣ ਵਾਲਾ ਕੌਣ ਹੈ। ਦੇਸ਼ ਦੇ ਇਤਿਹਾਸ 'ਚ ਵਾਰ-ਵਾਰ ਅਜਿਹਾ ਹੋਇਆ ਹੈ, ਜਦੋਂ ਕਿ ਨੇਤਾ ਨੂੰ ਹੰਕਾਰ ਹੋਣ 'ਤੇ ਦੇਸ਼ਵਾਸੀ ਉਸ ਨੂੰ ਸਬਕ ਸਿਖਾਉਂਦੇ ਹਨ। ਜਦੋਂ ਦੇਸ਼ ਉਸ ਨੂੰ ਸਬਕ ਸਿਖਾਉਂਦੇ ਹਨ, ਉਹ ਉਹ ਸ਼ਰਮਿੰਦਾ ਹੁੰਦਾ ਹੈ, ਉਹ ਸਮਝਦਾ ਹੈ ਕਿ ਉਸ ਦਾ ਧਰਮ ਕੀ ਸੀ।''

ਸਰਕਾਰ ਨੇ ਕਿਸਾਨ ਦੀ ਕਮਰ ਤੋੜ ਦਿੱਤੀ
ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ,''7 ਸਾਲਾਂ 'ਚ ਜਿੰਨੇ ਵਾਅਦੇ ਕੀਤੇ ਸਾਰੇ ਤੋੜ ਦਿੱਤੇ। ਛੋਟਾ ਵਪਾਰੀ ਸੀ, ਉਸ ਦੀ ਕਮਰ ਤੋੜ ਦਿੱਤੀ। ਕਿਸਾਨ ਦੀ ਕਮਰ ਤੋੜ ਦਿੱਤੀ, ਗਰੀਬ ਦੀ ਮਦਦ ਨਹੀਂ ਕੀਤੀ।'' ਪ੍ਰਿਯੰਕਾ ਨੇ ਕਿਹਾ,''ਮੈਨੂੰ ਨਹੀਂ ਲੱਗਦਾ ਇਹ (ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ) ਤੁਹਾਡੇ ਲਈ ਕੰਮ ਕਰਨਗੇ ਪਰ ਮੈਨੂੰ ਤੁਹਾਡੇ 'ਤੇ ਭਰੋਸਾ ਹੈ, ਦੇਸ਼ ਦੀ ਜਨਤਾ 'ਤੇ ਭਰੋਸਾ ਹੈ ਅਤੇ ਤੁਹਾਡੇ ਤੋਂ ਵੱਡੀ ਉਮੀਦ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਪਿੱਛੇ ਨਹੀਂ ਹਟੋਗੇ, ਤੁਸੀਂ ਆਪਣੇ ਅਧਿਕਾਰਾਂ ਲਈ ਲੜੋਗੇ ਅਤੇ ਇਸ ਲੜਾਈ 'ਚ ਕਾਂਗਰਸ ਅਤੇ ਉਸ ਦਾ ਹਰ ਇਕ ਵਰਕਰ ਤੁਹਾਡੇ ਨਾਲ ਹੈ।'' ਪ੍ਰਿਯੰਕਾ ਨੇ ਸਭ ਖ਼ਤਮ ਹੋਣ 'ਤੇ ਕਿਸਾਨ ਅੰਦੋਲਨ ਦੌਰਾਨ ਮਰੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੁਝ ਦੇਰ ਦਾ ਮੌਨ ਰੱਖਿਆ।


DIsha

Content Editor DIsha