ਜ਼ਾਕਿਰ ਨਾਇਕ ਦੇ ਇਸਲਾਮਿਕ ਰਿਸਰਚ ਫਾਊਂਡੇਸ਼ਨ ’ਤੇ ਬੈਨ 5 ਸਾਲ ਵਧਿਆ

Tuesday, Nov 16, 2021 - 03:02 AM (IST)

ਜ਼ਾਕਿਰ ਨਾਇਕ ਦੇ ਇਸਲਾਮਿਕ ਰਿਸਰਚ ਫਾਊਂਡੇਸ਼ਨ ’ਤੇ ਬੈਨ 5 ਸਾਲ ਵਧਿਆ

ਨਵੀਂ ਦਿੱਲੀ - ਕੇਂਦਰ ਨੇ ਇਸਲਾਮੀ ਉਪਦੇਸ਼ਕ ਜ਼ਾਕਿਰ ਨਾਇਕ ਦੀ ਅਗਵਾਈ ਵਾਲੇ ਇਸਲਾਮਿਕ ਰਿਸਰਚ ਫਾਊਂਡੇਸ਼ਨ (ਆਈ. ਆਰ. ਐੱਫ.) ’ਤੇ ਲਾਇਆ ਬੈਨ ਸੋਮਵਾਰ ਨੂੰ 5 ਸਾਲ ਲਈ ਵਧਾ ਦਿੱਤਾ। ਨਾਇਕ ਮੌਜੂਦਾ ਸਮੇਂ ਮਲੇਸ਼ੀਆ ਵਿਚ ਰਹਿ ਰਿਹਾ ਹੈ। ਆਈ. ਆਰ. ਐੱਫ. ਨੂੰ ਪਹਿਲੀ ਵਾਰ 17 ਨਵੰਬਰ 2016 ਨੂੰ ਕੇਂਦਰ ਸਰਕਾਰ ਨੇ ਗੈਰ-ਕਾਨੂਨੀ ਸੰਗਠਨ ਐਲਾਨਿਆ ਸੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਆਈ.ਆਰ.ਐੱਫ. ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ ਜੋ ਦੇਸ਼ ਦੀ ਸੁਰੱਖਿਆ ਲਈ ਨੁਕਸਾਨਦੇਹ ਹਨ ਅਤੇ ਜਿਸ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਅਤੇ ਦੇਸ਼ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਵਿਗਾੜਨ ਦੀ ਸਮਰੱਥਾ ਹੈ।  ਗ੍ਰਹਿ ਮੰਤਰਾਲਾ ਨੇ ਕਿਹਾ ਕਿ ਨਾਇਕ ਦੁਆਰਾ ਦਿੱਤੇ ਗਏ ਬਿਆਨ ਅਤੇ ਭਾਸ਼ਣ ਇਤਰਾਜ਼ਯੋਗ ਅਤੇ ਵਿਨਾਸ਼ਕਾਰੀ ਹਨ ਅਤੇ ਉਨ੍ਹਾਂ ਦੇ ਜ਼ਰੀਏ ਉਹ ਧਾਰਮਿਕ ਸਮੂਹਾਂ ਵਿਚਕਾਰ ਦੁਸ਼ਮਣੀ ਅਤੇ ਨਫ਼ਰਤ ਨੂੰ ਬੜਾਵਾ ਦੇ ਰਿਹਾ ਹੈ। ਨਾਇਕ ਇਕ ਵਿਸ਼ੇਸ਼ ਧਰਮ ਦੇ ਨੌਜਵਾਨਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਅੱਤਵਾਦੀ ਕਾਰਵਾਈਆਂ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਮੰਤਰਾਲਾ ਨੇ ਕਿਹਾ ਕਿ ਨਾਇਕ ਅੰਤਰਰਾਸ਼ਟਰੀ ਸੈਟੇਲਾਈਟ ਟੀ.ਵੀ. ਨੈੱਟਵਰਕ, ਇੰਟਰਨੈੱਟ, ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਕੱਟੜਪੰਥੀ ਬਿਆਨ ਅਤੇ ਭਾਸ਼ਣ ਦਿੰਦਾ ਹੈ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸ ਨੇ ਯੂ.ਏ.ਪੀ.ਏ. ਦੇ ਤਹਿਤ ਆਈ.ਆਰ.ਐੱਫ. 'ਤੇ ਪਾਬੰਦੀ ਨੂੰ ਹੋਰ ਪੰਜ ਸਾਲਾਂ ਲਈ ਵਧਾਉਣ ਦਾ ਫੈਸਲਾ ਕੀਤਾ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News