ਸੇਵਾ-ਮੁਕਤ ਹੋਣ ਤੋਂ ਇਕ ਦਿਨ ਪਹਿਲਾਂ ਵੀ ਸਰਕਾਰੀ ਕਰਮਚਾਰੀ ਸਾਲਾਨਾ ਤਨਖਾਹ ਵਾਧੇ ਦੇ ਹੱਕਦਾਰ : ਸੁਪਰੀਮ ਕੋਰਟ
Wednesday, Apr 12, 2023 - 02:29 PM (IST)
![ਸੇਵਾ-ਮੁਕਤ ਹੋਣ ਤੋਂ ਇਕ ਦਿਨ ਪਹਿਲਾਂ ਵੀ ਸਰਕਾਰੀ ਕਰਮਚਾਰੀ ਸਾਲਾਨਾ ਤਨਖਾਹ ਵਾਧੇ ਦੇ ਹੱਕਦਾਰ : ਸੁਪਰੀਮ ਕੋਰਟ](https://static.jagbani.com/multimedia/2023_4image_14_22_535574371sc.jpg)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰੀ ਕਰਮਚਾਰੀ ਸਾਲਾਨਾ ਤਨਖਾਹ ਵਾਧੇ ਦੇ ਹੱਕਦਾਰ ਹਨ, ਭਾਵੇਂ ਉਹ ਵਿੱਤੀ ਲਾਭ ਲੈਣ ਦੇ ਅਗਲੇ ਹੀ ਦਿਨ ਸੇਵਾ-ਮੁਕਤ ਕਿਉਂ ਨਹੀਂ ਹੋ ਰਹੇ ਹੋਣ। ਜਨਤਕ ਖੇਤਰ ਦੀ ਕਰਨਾਟਕ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਕੇ.ਪੀ.ਟੀ.ਸੀ.ਐੱਲ.) ਦੀ ਅਪੀਲ ’ਤੇ ਅਦਾਲਤ ਨੇ ਇਹ ਫੈਸਲਾ ਸੁਣਾਇਆ। ਕੰਪਨੀ ਨੇ ਪਟੀਸ਼ਨ ’ਚ ਕਰਨਾਟਕ ਹਾਈ ਕੋਰਟ ਦੀ ਬੈਂਚ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ’ਚ ਕਿਹਾ ਗਿਆ ਸੀ ਕਿ ਸੇਵਾ-ਮੁਕਤ ਹੋਣ ਤੋਂ ਇਕ ਦਿਨ ਪਹਿਲਾਂ ਵੀ ਸਰਕਾਰੀ ਕਰਮਚਾਰੀ ਸਾਲਾਨਾ ਤਨਖਾਹ ਵਾਧੇ ਦੇ ਹੱਕਦਾਰ ਹਨ।
ਜੱਜ ਐੱਮ.ਆਰ. ਸ਼ਾਹ ਅਤੇ ਜੱਜ ਸੀ.ਟੀ. ਰਵੀਕੁਮਾਰ ਦੀ ਬੈਂਚ ਨੇ ਕੇ.ਪੀ.ਟੀ.ਸੀ.ਐੱਲ. ਦੀ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ,''ਅਪੀਲਕਰਤਾ (ਕੇ.ਪੀ.ਟੀ.ਸੀ.ਐੱਲ.) ਵਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਸਾਲਾਨਾ ਤਨਖਾਹ ਵਾਧਾ ਪ੍ਰੋਤਸਾਹਨ ਵਜੋਂ ਹੈ ਅਤੇ ਇਕ ਕਰਮਚਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੋਤਸਾਹਿਤ ਕਰਨ ਨੂੰ ਲੈ ਕੇ ਹੈ। ਇਸ ਲਈ ਜਦੋਂ ਉਹ ਸੇਵਾ 'ਚ ਨਹੀਂ ਹੈ ਤਾਂ ਸਾਲਾਨਾ ਤਨਖਾਹ ਵਾਧੇ ਦਾ ਕੋਈ ਸਵਾਲ ਹੀ ਨਹੀਂ ਹੈ। ਇਸ ਦਲੀਲ ਦਾ ਕੋਈ ਮਤਲਬ ਨਹੀਂ ਹੈ।''