ਰਾਜਪਾਲਾਂ ਦੇ ਫੇਰਬਦਲ ਦੀ ਤਿਆਰੀ
Tuesday, Sep 08, 2026 - 03:41 PM (IST)
ਸੱਤਾਧਾਰੀ ਭਾਜਪਾ ਅੰਦਰ ਤਬਦੀਲੀਆਂ ਤੋਂ ਬਾਅਦ ਹੁਣ ਕਈ ਰਾਜ ਭਵਨਾਂ ’ਚ ਵੀ ਤਬਦੀਲੀ ਹੋ ਸਕਦੀ ਹੈ। ਇਸ ਸਾਲ ਮਾਰਚ ’ਚ ਕੁਝ ਰਾਜਪਾਲਾਂ ਦੀਆਂ ਨਿਯੁਕਤੀਆਂ ਤੇ ਤਬਾਦਲੇ ਹੋਏ ਸਨ ਪਰ ਹੁਣ ਫਿਰ ਸੰਕੇਤ ਮਿਲ ਰਹੇ ਹਨ ਕਿ ਇਕ ਹੋਰ ਫੇਰਬਦਲ ਦੀ ਤਿਆਰੀ ਚੱਲ ਰਹੀ ਹੈ।
ਲੱਗਭਗ ਅੱਧਾ ਦਰਜਨ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਨਵੇਂ ਰਾਜਪਾਲ ਤੇ ਲੈਫਟੀਨੈਂਟ ਗਵਰਨਰ (ਉਪ ਰਾਜਪਾਲ) ਨਿਯੁਕਤ ਕੀਤੇ ਜਾ ਸਕਦੇ ਹਨ। ਰਾਜ ਸਭਾ ਦੇ ਮੈਂਬਰ ਦਿਨੇਸ਼ ਸ਼ਰਮਾ ਨੂੰ ਪਹਿਲਾਂ ਹੀ ਅੰਡੇਮਾਨ-ਨਿਕੋਬਾਰ ਭੇਜਿਆ ਜਾ ਚੁੱਕਾ ਹੈ।
ਘੱਟੋ-ਘੱਟ 7 ਰਾਜਪਾਲ ਤੇ ਲੈਫਟੀਨੈਂਟ ਗਵਰਨਰ ਆਪਣੇ 5-5 ਸਾਲਾਂ ਦੇ ਕਾਰਜਕਾਲ ਪੂਰੇ ਕਰ ਚੁੱਕੇ ਹਨ। ਉਨ੍ਹਾਂ ਨੂੰ ਬਦਲਿਆ ਜਾਣਾ ਹੈ। ਇਸ ਕਾਰਨ ਸਬੰਧਤ ਰਾਜ ਭਵਨ ਕੁਝ ਹੋਰ ਸੀਨੀਅਰ ਨੇਤਾਵਾਂ ਲਈ ਅਗਲਾ ਸੰਭਾਵੀ ਟਿਕਾਣਾ ਬਣ ਸਕਦੇ ਹਨ।
ਉੱਤਰ ਪ੍ਰਦੇਸ਼ ਤੇ ਕਰਨਾਟਕ ਮੁੱਖ ਕੇਂਦਰਾਂ ਵਜੋਂ ਉੱਭਰ ਰਹੇ ਹਨ। ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਜੁਲਾਈ 2019 ਤੋਂ ਅਹੁਦੇ ’ਤੇ ਹਨ ਜਦੋਂ ਕਿ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਦਾ ਵੀ ਲੰਮਾ ਕਾਰਜਕਾਲ ਰਿਹਾ ਹੈ। ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਪੰਜਾਬ ’ਚ ਵੀ ਬਹੁਤ ਹਰਮਨਪਿਆਰੇ ਹਨ, ਜਿੱਥੇ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ।
ਕਰਨਾਟਕ ’ਚ ਵੀ ਤਬਦੀਲੀ ਹੋ ਸਕਦੀ ਹੈ। ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਬਦਲਿਆ ਜਾ ਸਕਦਾ ਹੈ ਕਿਉਂਕਿ ਇੱਥੇ 2028 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਾਜਪਾ ਸਿਆਸੀ ਪੱਖੋਂ ਵਧੇਰੇ ਸਰਗਰਮ ਵਿਅਕਤੀ ਨੂੰ ਪਹਿਲ ਦੇ ਸਕਦੀ ਹੈ।
ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਸੀ. ਪਟੇਲ ਦਾ ਵੀ 5 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਇਸ ਤੋਂ ਇਲਾਵਾ 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ ਰਾਜਪਾਲਾਂ ਦੇ ਕਾਰਜਕਾਲ ਵੀ 5 ਸਾਲ ਤੋਂ ਉੱਪਰ ਹੋ ਗਏ ਹਨ, ਜਿਸ ਨਾਲ ਇਕ ਵੱਡੇ ਫੇਰਬਦਲ ਦੀ ਸੰਭਾਵਨਾ ਵੱਧ ਗਈ ਹੈ।
ਇਸ ਕਵਾਇਦ ’ਚ ਤਾਮਿਲਨਾਡੂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ, ਕਿਉਂਕਿ ਕੇਰਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਕੋਲ ਤਾਮਿਲਨਾਡੂ ਦਾ ਵਾਧੂ ਚਾਰਜ ਹੈ।
