ਅੰਗਰੇਜ਼ਾਂ ਦੇ ਜ਼ਮਾਨੇ ਦੀ ਪਹਿਲੀ ਭਾਰਤੀ ਡਾਕਟਰ ਨੂੰ ਗੂਗਲ ਨੇ ਦਿੱਤੀ ਸ਼ਰਧਾਂਜਲੀ

11/23/2017 5:17:01 AM

ਨਵੀਂ ਦਿੱਲੀ - ਅੰਗਰੇਜ਼ਾਂ ਦੇ ਜ਼ਮਾਨੇ 'ਚ ਡਾਕਟਰ ਦੀ ਪ੍ਰੈਕਟਿਸ ਕਰਨ ਵਾਲੀ ਪਹਿਲੀ ਭਾਰਤੀ ਔਰਤ ਅਤੇ ਬਾਲ ਵਿਆਹ ਦੀ ਪ੍ਰਥਾ ਖਿਲਾਫ ਖੜ੍ਹੀ ਹੋਣ ਵਾਲੀ ਰੁਖਮਾਬਾਈ ਰਾਉਤ ਦੇ 153ਵੇਂ ਜਨਮ ਦਿਨ 'ਤੇ ਗੂਗਲ ਨੇ ਸ਼ਾਨਦਾਰ ਡੂਡਲ ਬਣਾ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ। ਡੂਡਲ ਵਿਚ ਰੁਖਮਾਬਾਈ ਦੀ ਆਕਰਸ਼ਕ ਰੰਗੀਨ ਤਸਵੀਰ ਲਾਈ ਗਈ ਹੈ ਅਤੇ ਉਨ੍ਹਾਂ ਦੇ ਗਲੇ 'ਚ ਸਟੈਟੋਸਕੋਪ ਲਟਕਿਆ ਹੋਇਆ ਹੈ। ਇਸ ਵਿਚ ਹਸਪਤਾਲ ਦਾ ਇਕ ਦ੍ਰਿਸ਼ ਦਿਖਾਇਆ ਗਿਆ ਹੈ, ਜਿਸ ਵਿਚ ਨਰਸ ਬਿਸਤਰੇ 'ਤੇ ਲੇਟੀਆਂ ਮਹਿਲਾ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ।
ਸੁਤਾਰ ਭਾਈਚਾਰੇ ਦੇ ਜਨਾਰਦਨ ਪਾਂਡੂਰੰਗ ਦੇ ਘਰ 22 ਨਵੰਬਰ 1864 ਨੂੰ ਜਨਮ ਲੈਣ ਵਾਲੀ ਰੁਖਮਾਬਾਈ ਦਾ 11 ਸਾਲ ਦੀ ਉਮਰ ਵਿਚ ਬਿਨਾਂ ਉਸ ਦੀ ਮਰਜ਼ੀ ਤੋਂ 19 ਸਾਲ ਦੇ ਦਾਦਾਜੀ ਭੀਕਾਜੀ ਨਾਲ ਵਿਆਹ ਕਰਵਾ ਦਿੱਤਾ ਗਿਆ ਸੀ। ਜਦੋਂ ਰੁਖਮਾਬਾਈ ਨੇ ਦਾਦਾਜੀ ਨਾਲ ਜਾਣ ਤੋਂ ਨਾਂਹ ਕਰ ਦਿੱਤੀ ਤਾਂ ਇਹ ਮਾਮਲਾ ਸਾਲ 1885 ਵਿਚ ਅਦਾਲਤ 'ਚ ਗਿਆ। ਰੁਖਮਾਬਾਈ ਨੂੰ ਆਪਣੇ ਪਤੀ ਨਾਲ ਜਾਣ ਜਾਂ 6 ਮਹੀਨੇ ਦੀ ਜੇਲ ਦੀ ਸਜ਼ਾ ਕੱਟਣ ਦਾ ਹੁਕਮ ਸੁਣਾਇਆ ਗਿਆ। ਉਸ ਸਮੇਂ ਉਸ ਨੇ ਬਹਾਦਰੀ ਨਾਲ ਕਿਹਾ ਕਿ ਉਹ ਜੇਲ ਦੀ ਸਜ਼ਾ ਕੱਟੇਗੀ। ਇਸ ਮਾਮਲੇ ਨੂੰ ਲੈ ਕੇ ਉਸ ਸਮੇਂ ਅਖਬਾਰਾਂ ਵਿਚ ਕਈ ਲੇਖ ਛਪੇ। ਅਦਾਲਤ ਵਿਚ ਮੁਕੱਦਮੇਬਾਜ਼ੀ ਤੋਂ ਬਾਅਦ ਰੁਖਮਾਬਾਈ ਨੇ ਮਹਾਰਾਣੀ ਵਿਕਟੋਰੀਆ ਨੂੰ ਪੱਤਰ ਲਿਖਿਆ, ਜਿਨ੍ਹਾਂ ਨੇ ਅਦਾਲਤ ਦੇ ਆਦੇਸ਼ ਨੂੰ ਪਲਟ ਦਿੱਤਾ ਅਤੇ ਵਿਆਹ ਨੂੰ ਭੰਗ ਕਰ ਦਿੱਤਾ।


Related News