ਸਿਆਚਿਨ ਗਲੇਸ਼ੀਅਰ ਦੇ ਮੋਹਰੀ ਮੋਰਚਿਆਂ ’ਤੇ ਪਹੁੰਚੀ ‘ਸੁਨਹਿਰੀ ਜਿੱਤ ਦੀ ਮਸ਼ਾਲ’
Wednesday, Aug 04, 2021 - 11:13 AM (IST)
ਲੇਹ— ਭਾਰਤ ਅਤੇ ਪਾਕਿਸਤਾਨ ਵਿਚਾਲੇ 1971 ’ਚ ਹੋਈ ਜੰਗ ’ਚ ਪਾਕਿਸਤਾਨ ’ਤੇ ਭਾਰਤੀ ਹਥਿਆਰਬੰਦ ਫੋਰਸ ਦੀ ਜਿੱਤ ਦੇ 50 ਸਾਲ ਪੂਰੇ ਹੋਣ ਮੌਕੇ ਜਗਾਈ ਗਈ ‘ਸੁਨਹਿਰੀ ਜਿੱਤ ਦੀ ਮਸ਼ਾਲ’ ਮੰਗਲਵਾਰ ਨੂੰ ਸਿਆਚਿਨ ਗਲੇਸ਼ੀਅਰ ਦੇ ਮੋਹਰੀ ਮੋਰਚਿਆਂ ’ਤੇ ਪਹੁੰਚ ਗਈ। ਰੱਖਿਆ ਮੰਤਰਾਲਾ ਦੇ ਬੁਲਾਰੇ ਕਰਨਲ ਅਮਰੋਨ ਮੁਸਾਵੀ ਨੇ ਦੱਸਿਆ ਕਿ ਸਿਆਚਿਨ ਗਲੇਸ਼ੀਅਰ ’ਤੇ 22,000 ਫੁੱਟ ਦੀ ਉੱਚਾਈ ’ਤੇ ਸਥਿਤ ਬਾਨਾ ਪੋਸਟ ’ਤੇ ਪੂਰੇ ਫ਼ੌਜੀ ਸਨਮਾਨ ਨਾਲ ਵਿਜੇ ਮਸ਼ਾਲ ਦਾ ਸਵਾਗਤ ਕੀਤਾ।
ਬੁਲਾਰੇ ਨੇ ਦੱਸਿਆ ਕਿ ਫ਼ੌਜ ਨੇ 1987 ਵਿਚ ਇਕ ਅਨੋਖੇ ਸਾਹਸ ਮੁਹਿੰਮ ’ਚ ਬਾਨਾ ਪੋਸਟ ’ਤੇ ਕਬਜ਼ਾ ਕੀਤਾ ਸੀ। ਇਸ ਮੁਹਿੰਮ ਲਈ ਮਾਣਯੋਗ ਕੈਪਟਨ ਬਾਨਾ ਸਿੰਘ ਨੂੰ ਵੀਰਤਾ ਲਈ ਸਰਵਉੱਚ ਫ਼ੌਜੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ। ਬਾਨਾ ਪੋਸਟ ਤੋਂ ਸੁਨਹਿਰੀ ਜਿੱਤ ਦੀ ਮਸ਼ਾਲ ਨੂੰ ਸਿਆਚਿਨ ਗਲੇਸ਼ੀਅਰ ਦੇ ਸਭ ਤੋਂ ਉੱਤਰੀ ਬਿੰਦੂ ਇੰਦਰਾ ਕਰਨਲ ਵਿਖੇ ਲਿਜਾਇਆ ਗਿਆ, ਜਿੱਥੇ ਫ਼ੌਜ ਦੇ ਜਵਾਨਾਂ ਨੇ ਉਤਸ਼ਾਹ ਨਾਲ ਇਸ ਦਾ ਸਵਾਗਤ ਕੀਤਾ ਅਤੇ ਦੇਸ਼ ਦੀ ਰੱਖਿਆ ਲਈ ਆਪਣੇ ਵਾਅਦੇ ਨੂੰ ਦੁਹਰਾਇਆ।