ਮੁੰਡਾ ਚਲਾ ਰਿਹਾ ਬਿਨਾਂ ਨੰਬਰ ਪਲੇਟ ਦੀ ਕਾਰ, ਪੁਲਸ ਕਰਮੀ ਨੂੰ ਬੋਨਟ ''ਤੇ ਲੈ ਗਿਆ ਘੜੀਸ, CCTV ''ਚ ਕੈਦ ਹੋਈ ਘਟਨਾ
Saturday, Apr 04, 2026 - 02:20 PM (IST)
ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ ਇਕ ਰੂਹ ਕੰਬਾਊ ਵੀਡੀਓ ਸਾਹਮਣੇ ਆਈ ਹੈ, ਜਿੱਥੇ ਚੈਕਿੰਗ ਤੋਂ ਬਚਣ ਲਈ ਇਕ ਨਾਬਾਲਗ ਕਾਰ ਚਾਲਕ ਨੇ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ 'ਤੇ ਹੀ ਗੱਡੀ ਚੜ੍ਹਾ ਦਿੱਤੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ (CCTV) ਕੈਮਰਿਆਂ 'ਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਕਰਨਾਲ ਦੇ ਸੈਕਟਰ-6 ਸਥਿਤ ਸਰਕਾਰੀ ਕਾਲਜ ਚੌਕ ਦਾ ਹੈ। ਬੀਤੇ ਸ਼ਨੀਵਾਰ ਨੂੰ ਪੁਲਸ ਮੁਲਾਜ਼ਮ ਕੁਲਬੀਰ ਸਿੰਘ ਚੌਕ 'ਤੇ ਡਿਊਟੀ ਨਿਭਾ ਰਹੇ ਸਨ। ਇਸੇ ਦੌਰਾਨ ਇਕ ਕਾਲੇ ਸ਼ੀਸ਼ਿਆਂ ਵਾਲੀ ਕਾਰ ਉੱਥੋਂ ਲੰਘੀ, ਜਿਸ 'ਤੇ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਸੀ। ਜਦੋਂ ਕੁਲਬੀਰ ਸਿੰਘ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਚਾਲਕ ਨੇ ਰੁਕਣ ਦੀ ਬਜਾਏ ਗੱਡੀ ਦੀ ਰਫ਼ਤਾਰ ਵਧਾ ਦਿੱਤੀ ਅਤੇ ਪੁਲਸ ਮੁਲਾਜ਼ਮ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।
ਬੋਨਟ 'ਤੇ ਲਟਕਿਆ ਰਿਹਾ ਪੁਲਸ ਮੁਲਾਜ਼ਮ
ਟੱਕਰ ਲੱਗਣ ਕਾਰਨ ਪੁਲਸ ਮੁਲਾਜ਼ਮ ਸਿੱਧਾ ਕਾਰ ਦੇ ਬੋਨਟ 'ਤੇ ਜਾ ਡਿੱਗਿਆ। ਆਪਣੀ ਜਾਨ ਬਚਾਉਣ ਲਈ ਉਸ ਨੇ ਬੋਨਟ ਨੂੰ ਮਜ਼ਬੂਤੀ ਨਾਲ ਫੜ ਲਿਆ, ਪਰ ਬੇਖ਼ੌਫ਼ ਚਾਲਕ ਨੇ ਗੱਡੀ ਨਹੀਂ ਰੋਕੀ ਅਤੇ ਉਸ ਨੂੰ ਕਾਫ਼ੀ ਦੂਰ ਤੱਕ ਘਸੀਟਦਾ ਲੈ ਗਿਆ। ਸੀਸੀਟੀਵੀ ਫੁਟੇਜ 'ਚ ਸਾਫ਼ ਦਿਖ ਰਿਹਾ ਹੈ ਕਿ ਕੁਝ ਦੂਰੀ 'ਤੇ ਜਾ ਕੇ ਚਾਲਕ ਨੇ ਅਚਾਨਕ ਬ੍ਰੇਕ ਮਾਰੀ, ਜਿਸ ਕਾਰਨ ਮੁਲਾਜ਼ਮ ਹੇਠਾਂ ਉਤਰ ਗਿਆ ਅਤੇ ਚਾਲਕ ਮੌਕੇ ਤੋਂ ਗੱਡੀ ਬੈਕ ਕਰਕੇ ਫ਼ਰਾਰ ਹੋ ਗਿਆ।
ਨਾਬਾਲਗ ਨਿਕਲਿਆ ਕਾਰ ਚਾਲਕ
ਪੁਲਸ ਦੀ ਜਾਂਚ 'ਚ ਵੱਡਾ ਖੁਲਾਸਾ ਹੋਇਆ ਹੈ ਕਿ ਕਾਰ ਚਲਾਉਣ ਵਾਲਾ ਮੁੰਡਾ ਨਾਬਾਲਗ ਸੀ ਅਤੇ ਉਸ ਦੇ ਨਾਲ ਕਾਰ 'ਚ ਇੱਕ ਨਾਬਾਲਗ ਕੁੜੀ ਵੀ ਸਵਾਰ ਸੀ। ਸੈਕਟਰ 32-33 ਥਾਣਾ ਪੁਲਸ ਨੇ ਕਾਰਵਾਈ ਕਰਦੇ ਹੋਏ ਗੱਡੀ ਨੂੰ ਜ਼ਬਤ ਕਰ ਲਿਆ ਹੈ ਅਤੇ ਮੁਲਜ਼ਮ ਨਾਬਾਲਗ ਨੂੰ ਜੁਵੇਨਾਈਲ ਕੋਰਟ 'ਚ ਪੇਸ਼ ਕੀਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
