ਕੈਨੇਡਾ ਤੋਂ ਆਈ ਦੇਵੀ ਅੰਨਪੂਰਨਾ ਦੀ ਮੂਰਤੀ ਅੱਜ ਯੂਪੀ ਸਰਕਾਰ ਨੂੰ ਸੌਂਪੀ, 100 ਸਾਲ ਬਾਅਦ ਕਾਸ਼ੀ 'ਚ ਹੋਵੇਗੀ ਸਥਾਪਨਾ

Thursday, Nov 11, 2021 - 02:33 PM (IST)

ਕੈਨੇਡਾ ਤੋਂ ਆਈ ਦੇਵੀ ਅੰਨਪੂਰਨਾ ਦੀ ਮੂਰਤੀ ਅੱਜ ਯੂਪੀ ਸਰਕਾਰ ਨੂੰ ਸੌਂਪੀ, 100 ਸਾਲ ਬਾਅਦ ਕਾਸ਼ੀ 'ਚ ਹੋਵੇਗੀ ਸਥਾਪਨਾ

ਇੰਟਰਨੈਸ਼ਨਲ ਡੈਸਕ (ਏ.ਐੱਨ.ਆਈ.) ਬਾਬਾ ਵਿਸ਼ਵਨਾਥ ਦੀ ਨਗਰੀ ਕਾਸ਼ੀ ਤੋਂ ਕਰੀਬ 100 ਸਾਲ ਪਹਿਲਾਂ ਚੋਰੀ ਹੋਈ ਮਾਤਾ ਅੰਨਪੂਰਨਾ ਦੀ ਮੂਰਤੀ ਕੈਨੇਡਾ ਤੋਂ ਭਾਰਤ ਵਾਪਸ ਆ ਚੁੱਕੀ ਹੈ। ਕੈਨੇਡਾ ਤੋਂ ਬਰਾਮਦ ਇਸ ਕੀਮਤੀ ਮੂਰਤੀ ਨੂੰ ਕੈਨੇਡਾ ਸਰਕਾਰ ਨੇ ਭਾਰਤ ਨੂੰ ਸੌਂਪ ਦਿੱਤਾ ਹੈ। ਇਹ ਦੁਰਲੱਭ ਮੂਰਤੀ ਕੇਂਦਰ ਸਰਕਾਰ ਵੱਲੋਂ ਅੱਜ (11 ਨਵੰਬਰ) ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਸਰਕਾਰ ਇੱਕ ਵਿਸ਼ਾਲ ਜਲੂਸ ਕੱਢ ਕੇ ਉਨ੍ਹਾਂ ਨੂੰ ਕਾਸ਼ੀ ਲੈ ਕੇ ਜਾਵੇਗੀ ਅਤੇ 15 ਨਵੰਬਰ ਨੂੰ ਫਿਰ ਤੋਂ ਇਸ ਨੂੰ ਸਥਾਪਿਤ ਕੀਤਾ ਜਾਵੇਗਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 15 ਨਵੰਬਰ ਨੂੰ ਵਿਸ਼ਵਨਾਥ ਮੰਦਰ 'ਚ ਮੂਰਤੀ ਦੀ ਸਥਾਪਨਾ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਸੁਰੇਸ਼ ਰਾਣਾ ਅਤੇ ਸੈਰ-ਸਪਾਟਾ ਸੱਭਿਆਚਾਰ ਮੰਤਰੀ ਨੀਲਕੰਠ ਤਿਵਾੜੀ ਦੀ ਅਗਵਾਈ ਵਾਲੀ ਟੀਮ ਦੇਵੀ ਦੀ ਮੂਰਤੀ ਲੈਣ ਲਈ ਦਿੱਲੀ ਗਈ ਹੈ।

ਚੋਰੀ ਦੇ ਬਾਅਦ ਕੈਨੇਡਾ ਦੀ ਯੂਨੀਵਰਸਿਟੀ ਵਿਚ ਰੱਖੀ ਗਈ ਸੀ ਮੂਰਤੀ
ਮਾਤਾ ਅੰਨਪੂਰਨਾ ਦੀ ਮੂਰਤੀ ਦੇਸ਼ ਵਿਚ ਵਾਪਸ ਆਉਣੀ ਸਾਡੇ ਸਾਰਿਆਂ ਲਈ ਖੁਸ਼ੀ ਦਾ ਪਲ ਹੈ। ਮਾਂ ਅੰਨਪੂਰਨਾ ਦੀ ਮੂਰਤੀ ਸਾਡੇ ਸੱਭਿਆਚਾਰਕ ਸ਼ਹਿਰ ਵਜੋਂ ਜਾਣੇ ਜਾਂਦੇ ਵਿਸ਼ਵ ਦੇ ਸਭ ਤੋਂ ਪੁਰਾਣੇ ਸ਼ਹਿਰ ਕਾਸ਼ੀ ਤੋਂ 100 ਸਾਲ ਪਹਿਲਾਂ ਕੈਨੇਡਾ ਗਈ ਸੀ। ਕਾਸ਼ੀ ਵਿੱਚ ਬਾਬਾ ਵਿਸ਼ਵਨਾਥ ਦਾ ਪਵਿੱਤਰ ਨਿਵਾਸ ਹੈ। ਬਾਬਾ ਵਿਸ਼ਵਨਾਥ ਮੰਦਰ ਅਤੇ ਮਾਤਾ ਅੰਨਪੂਰਨਾ ਦਾ ਆਪਸੀ ਮੇਲ-ਜੋਲ ਇਸ ਪ੍ਰਕਾਰ ਹੈ, ਕਿਹਾ ਜਾਂਦਾ ਹੈ ਕਿ ਬਾਬਾ ਵਿਸ਼ਵਨਾਥ ਜੀ ਨੂੰ ਅੰਨ ਦੇਣ  ਦਾ ਕੰਮ ਮਾਂ ਅੰਨਪੂਰਨਾ ਹੀ ਕਰਦੀ ਹੈ।100 ਸਾਲ ਪਹਿਲਾਂ ਮਾਂ ਅੰਨਪੂਰਨਾ ਦੀ ਇਹ ਮੂਰਤੀ ਕਾਸ਼ੀ ਤੋਂ ਚੋਰੀ ਹੋ ਗਈ ਸੀ। ਇਹ ਮੂਰਤੀ ਵੱਖ-ਵੱਖ ਹੱਥਾਂ ਵਿੱਚ ਇੱਥੋਂ ਪਹੁੰਚਦੀ ਹੋਈ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਪੁੱਜੀ। ਕੈਨੇਡਾ ਦੀ ਉਸ ਯੂਨੀਵਰਸਿਟੀ ਨੇ ਇਹ ਬੁੱਤ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਸੀ।

PunjabKesari

ਸ਼ੋਭਾ ਯਾਤਰਾ ਨਾਲ ਯੂਪੀ ਵਿਚ ਹੋਵੇਗਾ ਆਗਮਨ
ਯੂਪੀ ਸਰਕਾਰ ਨੂੰ ਕੈਨੇਡਾ ਤੋਂ ਲਿਆਂਦੀ ਗਈ ਮਾਂ ਅੰਨਪੂਰਨਾ ਦੀ ਮੂਰਤੀ ਅੱਜ ਦਿੱਲੀ ਵਿਚ ਸੌਂਪ ਦਿੱਤੀ ਗਈ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੰਤਰੀ ਵੀ ਮੌਜੂਦ ਸਨ। ਸੀਐਮ ਯੋਗੀ ਨੇ ਕਿਹਾ ਕਿ ਗੋਪਾਸ਼ਟਮੀ ਦੇ ਦਿਨ ਮਾਂ ਅੰਨਪੂਰਨਾ ਦੀ ਮੂਰਤੀ ਮਿਲਣਾ ਵੀ ਸੁਭਾਗ ਦੀ ਗੱਲ ਹੈ। ਹੁਣ ਮਾਂ ਅੰਨਪੂਰਨਾ ਦੀ ਇਸ ਦੁਰਲੱਭ ਮੂਰਤੀ ਨੂੰ ਜਲੂਸ ਰਾਹੀਂ ਕਾਸ਼ੀ ਲਿਆਂਦਾ ਜਾਵੇਗਾ। ਚਾਰ ਦਿਨਾਂ ਦੌਰੇ ਦੌਰਾਨ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ। ਗਾਜ਼ੀਆਬਾਦ, ਅਲੀਗੜ੍ਹ ਤੋਂ ਹੁੰਦੇ ਹੋਏ ਸੂਰ ਖੇਤਰ ਵਿੱਚ ਰਾਤ ਦਾ ਆਰਾਮ ਹੋਵੇਗਾ, ਫਿਰ ਏਟਾ, ਕਨੌਜ ਅਤੇ ਹੋਰ ਜ਼ਿਲ੍ਹਿਆਂ ਤੋਂ ਹੁੰਦੇ ਹੋਏ ਕਾਨਪੁਰ ਸ਼ਹਿਰ ਵਿੱਚ ਰਾਤ ਦਾ ਆਰਾਮ ਕੀਤਾ ਜਾਵੇਗਾ। ਉੱਥੇ ਇਸ ਮੂਰਤੀ ਨੂੰ ਤਪੇਸ਼ਵਰੀ ਦੇਵੀ ਮੰਦਰ, ਪਟਕਾਪੁਰ ਵਿੱਚ ਰੱਖਿਆ ਜਾਵੇਗਾ। 13 ਨਵੰਬਰ ਨੂੰ ਕਾਨਪੁਰ ਨਗਰ ਤੋਂ ਊਨਾਵ, ਲਖਨਊ, ਬਾਰਾਬੰਕੀ ਹੁੰਦੇ ਹੋਏ ਅਯੁੱਧਿਆ ਰਾਮ ਜਨਮ ਭੂਮੀ ਪਹੁੰਚੇਗੀ। ਸ਼ੋਭਾ ਯਾਤਰਾ ਰਾਤ ਨੂੰ ਅਯੁੱਧਿਆ ਵਿੱਚ ਹੀ ਰੁਕੇਗੀ। 14 ਨਵੰਬਰ ਨੂੰ ਸੁਲਤਾਨਪੁਰ ਪ੍ਰਤਾਪਗੜ੍ਹ ਹੁੰਦੇ ਹੋਏ ਕਾਸ਼ੀ ਪਹੁੰਚੇਗੀ। ਇਹ ਪੂਰੀ ਯਾਤਰਾ ਚਾਰ ਦਿਨਾਂ ਦੀ ਹੋਵੇਗੀ।

ਯਾਤਰਾ ਦੇ ਨਾਲ-ਨਾਲ ਵੱਖ-ਵੱਖ ਜ਼ਿਲਿਆਂ ਦੇ ਇੰਚਾਰਜ ਮੰਤਰੀ ਮੂਰਤੀ ਦਾ ਸਵਾਗਤ ਕਰਨਗੇ। ਇਹ ਸਿਲਸਿਲਾ 11 ਨਵੰਬਰ ਤੋਂ ਸ਼ੁਰੂ ਹੋਵੇਗਾ। ਲੰਬਾ ਸਫ਼ਰ ਤੈਅ ਕਰਕੇ ਭਾਰਤ ਦੀ ਅਨਮੋਲ ਵਿਰਾਸਤ ਮਾਂ ਅੰਨਪੂਰਣਾ ਦੀ ਇਹ ਮੂਰਤੀ 14 ਨਵੰਬਰ ਨੂੰ ਦੁਪਹਿਰ ਬਾਅਦ ਕਾਸ਼ੀ ਪਹੁੰਚੇਗੀ। ਇਸ ਤੋਂ ਬਾਅਦ 15 ਨਵੰਬਰ ਨੂੰ ਦੇਵੋਥਾਨ ਇਕਾਦਸ਼ੀ ਦੇ ਮੌਕੇ 'ਤੇ ਕਾਸ਼ੀ ਦੇ ਬਾਬਾ ਵਿਸ਼ਵਨਾਥ ਧਾਮ 'ਚ ਇਸ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ NDP ਨੇਤਾ ਜਗਮੀਤ ਨੇ ਗੱਠਜੋੜ ਸਰਕਾਰ ਲਈ ਟਰੂਡੋ ਨਾਲ ਗੱਲਬਾਤ ਤੋਂ ਕੀਤਾ ਇਨਕਾਰ

ਹੋਰ ਦੇਸ਼ਾਂ ਵਿਚ ਮੌਜੂਦ ਮੂਰਤੀਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼
ਕੇਂਦਰੀ ਟੂਰਿਸਟ ਸੱਭਿਆਚਾਰ ਮੰਤਰੀ ਜੈ ਕਿਸ਼ਨ ਰੈੱਡੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਅੱਜ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਤੋਂ ਮਾਤਾ ਅੰਨਪੂਰਨਾ ਜੀ ਦੀ ਮੂਰਤੀ ਪ੍ਰਾਪਤ ਹੋਈ ਹੈ। ਇਸ ਮੂਰਤੀ ਨੂੰ ਕੈਨੇਡਾ ਦੀ ਵੇਜਿਲਾ ਯੂਨੀਵਰਸਿਟੀ ਦੀ ਆਰਟ ਗੈਲਰੀ ਵਿੱਚ ਮਾਨਤਾ ਦਿੱਤੀ ਗਈ ਸੀ। ਪੀਐਮ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਅਤੇ ਮੂਰਤੀ ਨੂੰ ਵਾਪਸ ਦੇਣ ਦੀ ਅਪੀਲ ਕੀਤੀ। ਇਸ 'ਤੇ ਕੈਨੇਡਾ ਸਰਕਾਰ ਨੇ ਹਾਮੀ ਭਰ ਦਿੱਤੀ। 

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ 100 ਤੋਂ ਵੱਧ ਮੂਰਤੀਆਂ, ਪੇਂਟਿੰਗਾਂ ਅਤੇ ਹੋਰ ਚੀਜ਼ਾਂ ਵਿਦੇਸ਼ਾਂ ਵਿੱਚ ਨਿਸ਼ਾਨਬੱਧ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੀਐਮ ਮੋਦੀ ਨੇ ਅਮਰੀਕਾ ਨਾਲ ਗੱਲ ਕੀਤੀ ਹੈ, ਉਥੋਂ ਵੀ 100 ਤੋਂ ਵੱਧ ਮੂਰਤੀਆਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਕੋਲ ਸਿੰਗਾਪੁਰ ਸਮੇਤ ਹੋਰ ਦੇਸ਼ਾਂ ਵਿੱਚ ਇਸ ਤਰ੍ਹਾਂ ਦੀਆਂ ਮੂਰਤੀਆਂ ਹਨ। ਅੰਗਰੇਜ਼ਾਂ ਦੇ ਰਾਜ ਦੌਰਾਨ ਮੂਰਤੀਆਂ ਕਿਸੇ ਵੀ ਤਰੀਕੇ ਨਾਲ ਇੱਥੋਂ ਦੂਜੇ ਦੇਸ਼ਾਂ ਵਿੱਚ ਪਹੁੰਚੀਆਂ ਹਨ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News