ਨਹੀਂ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ
Sunday, Mar 17, 2019 - 08:39 PM (IST)

ਪਣਜੀ (ਏਜੰਸੀ)— ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਦੇਹਾਂਤ ਹੋ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਬਹੁਤ ਗੰਭੀਰ ਸੀ।
ਇਕ ਸਾਲ ਤੋਂ ਪੈਨਕ੍ਰਿਯਾਟਿਕ ਕੈਂਸਰ ਨਾਲ ਜੂਝ ਰਹੇ 63 ਸਾਲਾ ਮਨੋਹਰ ਪਾਰੀਕਰ ਸਭ ਤੋਂ ਪਹਿਲਾਂ 14 ਫਰਵਰੀ 2018 ਨੂੰ ਬੀਮਾਰ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਗੋਆ ਮੈਡੀਕਲ ਕਾਲੇਜ 'ਚ ਦਾਖਲ ਕਰਵਾਇਆ ਗਿਆ ਸੀ। ਅਗਲੇ ਦਿਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਲਿਜਾਇਆ ਗਿਆ। ਕੁਝ ਦਿਨਾਂ ਤੱਕ ਉਨ੍ਹਾਂ ਦਾ ਅਮਰੀਕਾ 'ਚ ਇਲਾਜ ਚੱਲਿਆ।
ਪਿਛਲੇ ਸਾਲ 15 ਸਤੰਬਰ ਨੂੰ ਉਨ੍ਹਾਂ ਨੂੰ ਨਵੀਂ ਦਿੱਲੀ ਸਥਿਤ ਏਮਸ 'ਚ ਦਾਖਲ ਕਰਵਾਇਆ ਗਿਆ। ਇਲਾਜ ਤੋਂ ਬਾਅਦ ਪਾਰੀਕਰ 14 ਅਕਤੂਬਰ ਨੂੰ ਗੋਆ ਪਰਤੇ ਸਨ। ਉਨ੍ਹਾਂ ਨੇ 29 ਜਨਵਰੀ ਨੂੰ ਗੋਆ ਦੇ ਬਜਟ ਸੈਸ਼ਨ 'ਚ ਹਿੱਸਾ ਲੈਣ ਦੇ ਨਾਲ ਹੀ ਅਗਲੇ ਦਿਨ ਸੂਬੇ ਦਾ ਬਜਟ ਵੀ ਪੇਸ਼ ਕੀਤਾ। ਸੈਸ਼ਨ ਦੇ ਆਖਰੀ ਦਿਨ 31 ਜਨਵਰੀ ਨੂੰ ਉਨ੍ਹਾਂ ਨੂੰ ਦਿੱਲੀ ਦੇ ਏਮਸ 'ਚ ਲਿਜਾਇਆ ਗਿਆ ਸੀ। ਉਹ ਪੰਜ ਫਰਵਰੀ ਨੂੰ ਗੋਆ ਤੋਂ ਪਰਤ ਆਏ ਸਨ।
ਡਿਪਟੀ ਸਪੀਕਰ ਤੇ ਭਾਜਪਾ ਵਿਧਾਇਕ ਮਾਈਕਲ ਲੋਬੋ ਨੇ ਕਿਹਾ ਸੀ ਕਿ ਪਾਰੀਕਰ ਦੇ ਠੀਕ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਪਾਰੀਕਰ ਦੀ ਸਿਹਤ ਵਿਗੜਨ ਤੋਂ ਬਾਅਦ ਕਾਂਗਰਸ ਨੇ ਸ਼ਨੀਵਾਰ ਨੂੰ ਰਾਜਪਾਲ ਮ੍ਰਿਦੁਲਾ ਸਿਨ੍ਹਾ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਤੋਂ ਪਾਰਟੀ ਸੂਬੇ ਦੇ ਸਿਆਸੀ ਘਟਨਾਕ੍ਰਮ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹੈ।
ਲੋਬੋ ਨੇ ਇਸ ਬੈਠਕ ਤੋਂ ਬਾਅਦ ਕਿਹਾ ਕਿ ਜਦੋਂ ਤੱਕ ਪਾਰੀਕਰ ਹਨ, ਉਦੋਂ ਤੱਕ ਗੋਆ ਦੀ ਲੀਡਰਸ਼ਿਪ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਉਥੇ ਹੀ ਦੂਜੇ ਪਾਸੇ ਭਾਜਪਾ ਨੇਤਾ ਦਯਾਨੰਦ ਮਾਂਦਰੇਕਰ ਨੇ ਕਿਹਾ ਕਿ ਪਾਰੀਕਰ ਦੀ ਹਾਲਤ ਲਗਾਤਾਰ ਡਿੱਗ ਰਹੀ ਹੈ। ਪਾਰਟੀ ਦੀ ਚੋਟੀ ਦੀ ਅਗਵਾਈ ਨੂੰ ਗੋਆ ਲਈ ਜਲਦੀ ਕੋਈ ਫੈਸਲਾ ਲੈਣਾ ਹੋਵੇਗਾ।