ਸਾਲ 2021 ਦਾ ‘ਗਾਂਧੀ ਸ਼ਾਂਤੀ ਪੁਰਸਕਾਰ’ ਗੀਤਾ ਪ੍ਰੈੱਸ ਨੂੰ ਪ੍ਰਦਾਨ ਕੀਤਾ ਜਾਵੇਗਾ, ਕਾਂਗਰਸ ਨੇ ਕੀਤਾ ਵਿਰੋਧ

06/19/2023 1:54:26 PM

ਨਵੀਂ ਦਿੱਲੀ (ਭਾਸ਼ਾ)- ਸਾਲ 2021 ਲਈ ‘ਗਾਂਧੀ ਸ਼ਾਂਤੀ ਪੁਰਸਕਾਰ’ ਗੀਤਾ ਪ੍ਰੈੱਸ ਗੋਰਖਪੁਰ ਨੂੰ ਪ੍ਰਦਾਨ ਕੀਤਾ ਜਾਵੇਗਾ। ਗੀਤਾ ਪ੍ਰੈੱਸ ਨੂੰ ਇਹ ਪੁਰਸਕਾਰ ‘ਅਹਿੰਸਕ ਅਤੇ ਹੋਰ ਗਾਂਧੀਵਾਦੀ ਤਰੀਕਿਆਂ ਰਾਹੀਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤਬਦੀਲੀ ਦੀ ਦਿਸ਼ਾ ’ਚ ਸ਼ਾਨਦਾਰ ਯੋਗਦਾਨ’ ਲਈ ਦਿੱਤਾ ਜਾਵੇਗਾ। ਸੱਭਿਆਚਾਰਕ ਮੰਤਰਾਲਾ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਜੂਰੀ ਨੇ ਸਰਬਸੰਮਤੀ ਨਾਲ ਗੀਤਾ ਪ੍ਰੈੱਸ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਲਈ ਚੁਣਨ ਦਾ ਫ਼ੈਸਲਾ ਕੀਤਾ ਹੈ। ਉੱਥੇ ਹੀ ਕਾਂਗਰਸ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਗੀਤਾ ਪ੍ਰੈੱਸ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਦੇਣਾ ਅਸਲ 'ਚ ਇਕ ਮਜ਼ਾਕ ਹੈ ਅਤੇ ਗੋਡਸੇ ਤੇ ਸਾਵਰਕਰ ਨੂੰ ਸਨਮਾਨਤ ਕਰਨ ਵਰਗਾ ਹੈ। ਉਨ੍ਹਾਂ ਕਿਹਾ ਕਿ ਅਕਸ਼ੈ ਮੁਕੁਲ ਦੀ 2015 'ਚ ਇਕ ਚੰਗੀ ਜੀਵਨੀ ਆਈ ਹੈ। ਇਸ 'ਚ ਉਨ੍ਹਾਂ ਨੇ ਇਸ ਸੰਗਠਨ ਦੇ ਮਹਾਤਮਾ ਗਾਂਧੀ ਨਾਲ ਖਿੱਚੋਤਾਨ ਭਰੇ ਸੰਬੰਧਾਂ ਅਤੇ ਰਾਜਨੀਤਕ, ਧਾਰਮਿਕ ਤੇ ਸਮਾਜਿਕ ਏਜੰਡੇ 'ਤੇ ਉਨ੍ਹਾਂ ਨਾਲ ਚਲੀਆਂ ਲੜਾਈਆਂ ਦਾ ਰਾਜਫਾਸ਼ ਕੀਤਾ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਦੇ ਗਾਂਧੀਵਾਦੀ ਆਦਰਸ਼ਾਂ ਨੂੰ ਵਧਾਉਣ ’ਚ ਗੀਤਾ ਪ੍ਰੈੱਸ ਦੇ ਯੋਗਦਾਨ ਨੂੰ ਯਾਦ ਕੀਤਾ। ਸੱਭਿਆਚਾਰਕ ਮੰਤਰਾਲਾ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਮੋਦੀ ਨੇ ਕਿਹਾ ਕਿ ਗੀਤਾ ਪ੍ਰੈੱਸ ਨੂੰ ਉਸ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ’ਤੇ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਸੰਸਥਾ ਵੱਲੋਂ ਸਮਾਜ ਸੇਵਾ ’ਚ ਕੀਤੇ ਗਏ ਕੰਮਾਂ ਦੀ ਪਹਿਚਾਣ ਹੈ। ਗੀਤਾ ਪ੍ਰੈੱਸ ਦੀ ਸ਼ੁਰੂਆਤ ਸਾਲ 1923 ’ਚ ਹੋਈ ਸੀ ਅਤੇ ਇਹ ਵਿਸ਼ਵ ਦੇ ਸਭ ਤੋਂ ਵੱਡੇ ਪ੍ਰਕਾਸ਼ਕਾਂ ’ਚੋਂ ਇਕ ਹੈ ਜਿਸ ਨੇ 14 ਭਾਸ਼ਾਵਾਂ ’ਚ 4.17 ਕਰੋੜ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ, ਜਿਨ੍ਹਾਂ ’ਚ ਸ਼੍ਰੀਮਦ ਭਾਗਵਤ ਗੀਤਾ ਦੀਆਂ 16.21 ਕਰੋੜ ਕਾਪੀਆਂ ਸ਼ਾਮਲ ਹਨ।


DIsha

Content Editor

Related News