ਘਰੋਂ ਦੁਕਾਨ ''ਤੇ ਗਈ ਕੁੜੀ ਦੀ ਛੱਪੜ ''ਚੋਂ ਮਿਲੀ ਲਾਸ਼, ਇਲਾਕੇ ''ਚ ਫੈਲੀ ਸਨਸਨੀ
Saturday, May 23, 2026 - 10:06 PM (IST)
ਕੋਇੰਬਟੂਰ/ਚੇਨਈ- ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲੇ ਵਿਚ ਸੁਲੂਰ ਦੇ ਨੇੜੇ ਸ਼ੁੱਕਰਵਾਰ ਦੇਰ ਸ਼ਾਮ ਇਕ ਛੱਪੜ ਵਿਚੋਂ 10 ਸਾਲਾ ਬੱਚੀ ਦੀ ਲਾਸ਼ ਮਿਲੀ, ਜੋ ਵੀਰਵਾਰ ਸ਼ਾਮ ਤੋਂ ਲਾਪਤਾ ਸੀ। ਪੁਲਸ ਮੁਤਾਬਕ, ਸੁਲੂਰ ਦੇ ਨੇੜਲੇ ਇਕ ਪਿੰਡ ਦੀ ਰਹਿਣ ਵਾਲੀ ਇਹ ਬੱਚੀ ਘਰ ਦੇ ਕੋਲ ਸਥਿਤ ਇਕ ਦੁਕਾਨ ’ਤੇ ਗਈ ਸੀ, ਪਰ ਵਾਪਸ ਨਹੀਂ ਪਰਤੀ। ਅਧਿਕਾਰੀਆਂ ਅਨੁਸਾਰ, ਅਗਵਾ ਕਰਨ ਤੋਂ ਬਾਅਦ ਬੱਚੀ ਦਾ ਕਤਲ ਕਰ ਕੇ ਉਸ ਦੀ ਲਾਸ਼ ਛੱਪੜ ਵਿਚ ਸੁੱਟ ਦਿੱਤੀ ਗਈ ਸੀ।
ਇਸ ਘਟਨਾ ਕਾਰਨ ਇਲਾਕੇ ਵਿਚ ਭਾਰੀ ਹੰਗਾਮਾ ਮਚ ਗਿਆ ਹੈ। ਬੱਚੀ ਨਾਲ ਜਿਨਸੀ ਸ਼ੋਸ਼ਣ ਅਤੇ ਕਤਲ ਦਾ ਦੋਸ਼ ਲਗਾਉਂਦੇ ਹੋਏ ਗੁੱਸੇ ਵਿਚ ਆਏ ਪਰਿਵਾਰ ਵਾਲਿਆਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਰਾਤ ਭਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬੱਚੀ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਬੱਚੀ ਨੂੰ ਆਖਰੀ ਵਾਰ ਉਸ ਦੇ ਗੁਆਂਢੀ ਕਾਰਤਿਕ ਨਾਲ ਦੇਖਿਆ ਗਿਆ ਸੀ, ਜੋ ਉਸ ਨੂੰ ਦੋਪਹੀਆ ਵਾਹਨ ’ਤੇ ਬਿਠਾ ਕੇ ਲੈ ਗਿਆ ਸੀ। ਪੁਲਸ ਨੇ ਕਾਰਤਿਕ ਅਤੇ ਉਸ ਦੇ ਸਾਥੀ ਮੋਹਨਰਾਜ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਮੋਹਨਰਾਜ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
