ਦਿੱਲੀ ''ਚ ਦਰਿੰਦਗੀ: ਗੁਲਾਬ ਵੇਚਣ ਵਾਲੀ ਕੁੜੀ ਨਾਲ ਜਬਰ-ਜ਼ਨਾਹ

Friday, Jan 23, 2026 - 12:39 AM (IST)

ਦਿੱਲੀ ''ਚ ਦਰਿੰਦਗੀ: ਗੁਲਾਬ ਵੇਚਣ ਵਾਲੀ ਕੁੜੀ ਨਾਲ ਜਬਰ-ਜ਼ਨਾਹ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਪ੍ਰਸਾਦ ਨਗਰ ਇਲਾਕੇ ਤੋਂ ਮਾਨਵਤਾ ਨੂੰ ਸ਼ੇਰਮਸਾਰ ਕਰਨ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਟ੍ਰੈਫਿਕ ਸਿਗਨਲ 'ਤੇ ਗੁਲਾਬ ਵੇਚਣ ਵਾਲੀ ਇੱਕ 11 ਸਾਲਾ ਮਾਸੂਮ ਬੱਚੀ ਨੂੰ ਅਗਵਾ ਕਰਕੇ ਜੰਗਲ ਵਿੱਚ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ। ਦਿੱਲੀ ਪੁਲਸ ਨੇ ਇਸ ਮਾਮਲੇ ਵਿੱਚ ਮੁਸਤੈਦੀ ਦਿਖਾਉਂਦੇ ਹੋਏ ਲਗਭਗ 300 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਤੋਂ ਬਾਅਦ ਦੋਸ਼ੀ ਈ-ਰਿਕਸ਼ਾ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਝਾਂਸਾ ਦੇ ਕੇ ਜੰਗਲ 'ਚ ਲੈ ਗਿਆ ਦੋਸ਼ੀ 
ਇਹ ਖ਼ੌਫ਼ਨਾਕ ਵਾਰਦਾਤ 11 ਜਨਵਰੀ ਦੀ ਹੈ। ਪੀੜਤ ਬੱਚੀ ਪ੍ਰਸਾਦ ਨਗਰ ਇਲਾਕੇ ਦੀ ਇੱਕ ਰੈੱਡ ਲਾਈਟ 'ਤੇ ਗੁਲਾਬ ਵੇਚ ਰਹੀ ਸੀ। ਪੁਲਸ ਅਨੁਸਾਰ 40 ਸਾਲਾ ਮੁਲਜ਼ਮ ਦੁਰਗੇਸ਼ ਨੇ ਸਵਾਰੀਆਂ ਛੱਡਣ ਤੋਂ ਬਾਅਦ ਆਪਣਾ ਈ-ਰਿਕਸ਼ਾ ਬੱਚੀ ਕੋਲ ਰੋਕਿਆ ਅਤੇ ਉਸ ਨੂੰ ਝਾਂਸਾ ਦਿੱਤਾ ਕਿ ਉਹ ਉਸ ਦੇ ਸਾਰੇ ਗੁਲਾਬ ਵਿਕਵਾ ਦੇਵੇਗਾ। ਮਾਸੂਮ ਬੱਚੀ ਉਸ ਦੀਆਂ ਗੱਲਾਂ ਵਿੱਚ ਆ ਗਈ ਅਤੇ ਰਿਕਸ਼ਾ ਵਿੱਚ ਬੈਠ ਗਈ।

ਬੱਚੀ ਨੂੰ ਮਰੀ ਹੋਈ ਸਮਝ ਕੇ ਫ਼ਰਾਰ ਹੋਇਆ ਦੋਸ਼ੀ 
ਮੁਲਜ਼ਮ ਬੱਚੀ ਨੂੰ ਪ੍ਰੋਫੈਸਰ ਰਾਮਨਾਥ ਵਿਜ ਮਾਰਗ ਦੇ ਕੋਲ ਸਥਿਤ ਇੱਕ ਸੁਨਸਾਨ ਜੰਗਲ ਵਿੱਚ ਲੈ ਗਿਆ, ਜਿੱਥੇ ਉਸ ਨੇ ਮਾਸੂਮ ਨਾਲ ਬਲਾਤਕਾਰ ਕੀਤਾ। ਵਾਰਦਾਤ ਤੋਂ ਬਾਅਦ ਬੱਚੀ ਬੇਹੋਸ਼ ਹੋ ਗਈ ਅਤੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਉੱਥੇ ਹੀ ਪਈ ਰਹੀ। ਮੁਲਜ਼ਮ ਬੱਚੀ ਨੂੰ ਮਰੀ ਹੋਈ ਸਮਝ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਹੋਸ਼ ਆਉਣ 'ਤੇ ਬੱਚੀ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ।

ਇੰਝ ਫੜਿਆ ਗਿਆ ਮੁਲਜ਼ਮ 
ਪੁਲਸ ਨੇ ਘਟਨਾ ਵਾਲੀ ਥਾਂ ਤੋਂ ਲੈ ਕੇ ਜੰਗਲ ਤੱਕ ਦੇ 15 ਰਸਤਿਆਂ 'ਤੇ ਲੱਗੇ ਲਗਭਗ 300 ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਇੱਕ ਫੁਟੇਜ ਵਿੱਚ ਬੱਚੀ ਈ-ਰਿਕਸ਼ਾ ਵਿੱਚ ਬੈਠੀ ਨਜ਼ਰ ਆਈ, ਜਿਸ ਦੇ ਰਜਿਸਟ੍ਰੇਸ਼ਨ ਨੰਬਰ ਰਾਹੀਂ ਪੁਲਸ ਦੋਸ਼ੀ ਦੁਰਗੇਸ਼ ਤੱਕ ਪਹੁੰਚੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਦੋਸ਼ੀ ਨੇ ਕਬੂਲ ਕੀਤਾ ਕਿ ਉਹ ਕਾਫੀ ਸਮੇਂ ਤੋਂ ਸਿਗਨਲ 'ਤੇ ਬੱਚੀ ਨੂੰ ਦੇਖ ਰਿਹਾ ਸੀ ਅਤੇ ਉਸ ਨੇ ਪਹਿਲਾਂ ਹੀ ਉਸ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਹੋਈ ਸੀ।

ਕਾਨੂੰਨੀ ਕਾਰਵਾਈ 
ਪੁਲਸ ਨੇ ਦੋਸ਼ੀ ਦੇ ਖਿਲਾਫ ਅਗਵਾ, ਬਲਾਤਕਾਰ ਅਤੇ ਪੋਕਸੋ (POCSO) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਖੂਨ ਨਾਲ ਸਨੇ ਕੱਪੜੇ ਅਤੇ ਹੋਰ ਸਬੂਤ ਵੀ ਬਰਾਮਦ ਕੀਤੇ ਹਨ। ਫਿਲਹਾਲ ਬੱਚੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਕੌਂਸਲਿੰਗ ਕੀਤੀ ਜਾ ਰਹੀ ਹੈ।


author

Inder Prajapati

Content Editor

Related News