ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਸੂਰਜ ਗ੍ਰਹਿਣ ਦੇਖਣ ਛੱਤ ''ਤੇ ਗਈ ਕੁੜੀ ਦੀ ਮੌਤ

Sunday, Jun 21, 2020 - 05:52 PM (IST)

ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਸੂਰਜ ਗ੍ਰਹਿਣ ਦੇਖਣ ਛੱਤ ''ਤੇ ਗਈ ਕੁੜੀ ਦੀ ਮੌਤ

ਅਜਮੇਰ— ਰਾਜਸਥਾਨ ਦੇ ਅਜਮੇਰ ਸ਼ਹਿਰ ਵਿਚ ਅੱਜ ਸੂਰਜ ਗ੍ਰਹਿਣ ਇਕ ਪਰਿਵਾਰ ਦੀ ਬੱਚੀ 'ਤੇ ਕਾਲ ਬਣ ਕੇ ਟੁੱਟਿਆ। ਸਥਾਨਕ ਰਾਮਗੰਜ ਪੁਲਸ ਚੌਕੀ ਨੇੜੇ ਸਾਂਸੀ ਬਸਤੀ ਵਿਚ ਰਹਿਣ ਵਾਲੇ ਇਕ ਪਰਿਵਾਰ ਦੀ 15 ਸਾਲਾ ਕੁੜੀ ਸੂਰਜ ਗ੍ਰਹਿਣ ਦੇਖਣ ਲਈ ਆਪਣੇ ਘਰ ਦੀ ਛੱਤ 'ਤੇ ਗਈ। ਛੱਤ ਦੇ ਉੱਪਰੋਂ ਜਾ ਰਹੀ ਬਿਜਲੀ ਦੀਆਂ ਹਾਈਟੈਂਸ਼ਨ ਲਾਈਨ ਨੂੰ ਹੱਥ ਲੱਗ ਜਾਣ ਕਾਰਨ ਕੁੜੀ ਮੌਤ ਦੇ ਮੂੰਹ 'ਚ ਚੱਲੀ ਗਈ। 

ਕਰੰਟ ਲੱਗਦੇ ਹੀ ਕੁੜੀ ਗੰਭੀਰ ਹਾਲਤ ਵਿਚ ਬੇਹੋਸ਼ ਹੋ ਗਈ, ਜਿਸ ਨੂੰ ਜਵਾਹਰਲਾਲ ਨਹਿਰੂ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਰੂਪ ਨਾਲ ਝੁਲਸੀ ਕੁੜੀ ਪੁਨੀਤਾ ਦੀ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਘਰ ਦੇ ਉਪਰੋਂ ਹੀ ਹਾਈਟੈਂਸ਼ਨ ਲਾਈਨ ਨਿਕਲ ਰਹੀ ਹੈ। ਬਿਜਲੀ ਮਹਿਕਮੇ ਨੂੰ ਕਈ ਵਾਰ ਸੂਚਿਤ ਕਰਨ ਦੇ ਬਾਵਜੂਦ ਇਸ ਨੂੰ ਹਟਾਇਆ ਨਹੀਂ ਗਿਆ। ਪਰਿਵਾਰ ਨੇ ਇਹ ਵੀ ਦੱਸਿਆ ਕਿ ਅੱਜ ਦੇ ਇਸ ਹਾਦਸੇ ਵਿਚ ਉਨ੍ਹਾਂ ਦੀ ਬੱਚੀ ਐਕਸਰੇਅ ਫਿਲਮ ਜ਼ਰੀਏ ਸੂਰਜ ਗ੍ਰਹਿਣ ਦੇਖਣ ਛੱਤ 'ਤੇ ਚੜ੍ਹੀ ਸੀ, ਜੋ ਕਿ ਤਿੰਨ ਫੁੱਟ 'ਤੇ ਹੀ ਜਾ ਰਹੀ ਹਾਈਟੈਂਸ਼ਨ ਲਾਈਨ ਦੀ ਲਪੇਟ ਵਿਚ ਆ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਖੇਤਰ 'ਚ ਇਸ ਤਰ੍ਹਾਂ ਦਾ ਹਾਦਸਾ ਹੋ ਚੁੱਕਾ ਹੈ। ਕੁੜੀ ਦੀ ਮੌਤ ਹੋ ਜਾਣ ਮਗਰੋਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। 

ਦੱਸ ਦੇਈਏ ਕਿ ਸਾਲ ਦਾ ਸਭ ਤੋਂ ਵੱਡੇ ਦਿਨ ਅੱਜ ਯਾਨੀ ਕਿ 21 ਜੂਨ ਨੂੰ ਸੂਰਜ ਗ੍ਰਹਿਣ ਲੱਗਿਆ। ਸੂਰਜ ਗ੍ਰਹਿਣ ਦੌਰਾਨ ਭਾਰਤ ਦੇ ਕਈ ਸ਼ਹਿਰਾਂ ਵਿਚ ਆਸਮਾਨ 'ਚ ਸੂਰਜ ਦਾ ਘੇਰਾ ਇਕ ਚਮਕਦੀ ਅੰਗੂਠੀ ਵਾਂਗ ਨਜ਼ਰ ਆਇਆ। ਇਸ ਸੂਰਜ ਗ੍ਰਹਿਣ ਨੂੰ ਕੰਗਣਾਕਾਰ ਗ੍ਰਹਿਣ ਆਖਿਆ ਗਿਆ। ਸੂਰਜ ਗ੍ਰਹਿਣ ਅਫਰੀਕਾ, ਏਸ਼ੀਆ, ਯੂਰਪ ਅਤੇ ਆਸਟ੍ਰੇਲੀਆ ਦੇ ਕੁਝ ਹਿੱਸਿਆਂ 'ਚ ਦੇਖਿਆ ਗਿਆ। ਕਈ ਥਾਵਾਂ 'ਤੇ ਚੰਦਰਮਾ ਨੂੰ ਸੂਰਜ ਨੂੰ ਢੱਕ ਲਿਆ ਅਤੇ ਦਿਨ ਵੇਲੇ ਹਨ੍ਹੇਰਾ ਛਾ ਗਿਆ।


author

Tanu

Content Editor

Related News