ਅੰਤਰ-ਜਾਤੀ ਵਿਆਹ ਕਾਰਨ ਖਾਧੀਆਂ ਦਰ-ਦਰ ਦੀਆਂ ਠੋਕਰਾਂ, ਹੁਣ ਵਰਦੀ ਮਿਲਣ ’ਤੇ ਪਿੰਡ ’ਚ ਮਿਲ ਰਿਹੈ ਸਨਮਾਨ
Friday, Apr 15, 2022 - 04:45 PM (IST)
ਨਵਾਦਾ– ਅੰਤਰਜਾਤੀ ਵਿਆਹ ਕਰਨ ਤੋਂ ਬਾਅਦ ਜਿਸ ਨੂੰਹ ਅਤੇ ਉਸਦੇ ਪਤੀ ਨੂੰ ਪਿੰਡ ਦੇ ਲੋਕਾਂ ਨੇ ਦੁਰਕਾਰ ਦਿੱਤਾ ਸੀ, ਉਸਦੇ ਸਵਾਗਤ ’ਚ ਤਿੰਨ ਸਾਲਾਂ ਬਾਅਦ ਪਲਕਾਂ ਵਿਛਾਈ ਖੜ੍ਹੇ ਮਿਲੇ। ਨੂੰਹ ਨੇ ਐੱਸ.ਐੱਸ.ਬੀ. ਜੀ.ਡੀ. ’ਚ ਕਾਮਯਾਬੀ ਹਾਸਿਲ ਕਰਕੇ ਖੁਦ ਨੂੰ ਸਾਬਿਤ ਕੀਤਾ ਜਿਸ ਨਾਲ ਉਸਦੇ ਸਹੁਰੇ ਪਰਿਵਾਰ ਦੇ ਲੋਕਾਂ ਦਾ ਨਜ਼ਰੀਆ ਬਦਲ ਗਿਆ। ਗਯਾ ਦੀ ਸੁਗਮ ਗੁਪਤਾ ਅਤੇ ਗੋਵਿੰਦਪੁਰ ਦੇ ਦੀਪਕ ਕੁਮਾਰ ਗਯਾ ’ਚ ਇਕ ਹੀ ਕਾਲਜ ’ਚ ਪੜ੍ਹਦੇ ਸਨ। ਦੋਵਾਂ ’ਚ ਪਿਆਰ ਹੋ ਗਿਆ। ਦੋਵਾਂ ਨੇ 2018 ’ਚ ਪਰਿਵਾਰ ਦੀ ਰਜ਼ਾਮੰਦੀ ਦੇ ਬਿਨਾਂ ਅੰਤਰਜਾਤੀ ਪ੍ਰੇਮ ਵਿਆਹ ਕਰ ਲਿਆ ਪਰ ਨਾ ਤਾਂ ਸੁਗਮ ਦੇ ਮਾਂ-ਪਿਓ ਨੇ ਦੋਵਾਂ ਨੂੰ ਅਪਣਾਇਆ ਅਤੇ ਨਾ ਹੀ ਦੀਪਕ ਦੇ ਮਾਂ-ਬਾਪ ਨੇ ਘਰ ’ਚ ਨਾਲ ਰਹਿਣ ਦੀ ਮਨਜ਼ੂਰੀ ਦਿੱਤੀ। ਦੀਪਕ ਸੁਗਮ ਦੇ ਨਾਲ ਆਪਣੇ ਪਿੰਡ ਦੇਲਹੁਯਾ ਆ ਗਿਆ ਪਰ ਘਰ ਵਾਲਿਆਂ ਦੇ ਨਾਲ-ਨਾਲ ਪਿੰਡ ਵਾਲੇ ਵੀ ਤਾਅਨੇ ਮਾਰਨ ਲੱਗੇ ਅਤੇ ਵਿਆਹ ਦੀ ਦੂਜੀ ਰਾਤ ਹੀ ਦੋਵਾਂ ਨੂੰ ਘਰ ਛੱਡਣਾ ਪਿਆ।
ਜਦੋਂ ਨੌਕਰੀ ਲੱਗੀ ਤਾਂ ਅਪਣਾਇਆ
ਵਿਆਹ ਦੇ ਦੋ ਦਿਨਾਂ ਬਾਅਦ ਘਰੋਂ ਨਿਕਲਣ ਤੋਂ ਬਾਅਦ ਪਿੰਡ ਤੋਂ ਕੁਝ ਕਿਲੋਮੀਟਰ ਦੂਰ ਗੋਵਿੰਦਪੁਰ ਬਾਜ਼ਾਰ ’ਚ ਕਿਰਾਏ ’ਤੇ ਕਮਰਾ ਲਿਆ ਅਤੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰ ਲਈ ਕੋਵਿੰਚ ਖੋਲ੍ਹ ਦਿੱਤੀ। ਦੱਸਿਆ ਜਾਂਦਾ ਹੈ ਕਿ ਸੁਗਮ ਪੜ੍ਹਾਈ ’ਚ ਦੀਪਕ ਤੋਂ ਬਿਹਤਰ ਸੀ। ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਖੁਦ ਵੀ ਤਿਆਰੀ ਕਰਨ ਲੱਗੀ। 2021 ’ਚ ਸੁਗਮ ਨੇ ਐੱਸ.ਐੱਸ.ਬੀ. ਜੀ.ਡੀ. ’ਚ ਕਾਮਯਾਬੀ ਹਾਸਿਲ ਕਰ ਲਈ। ਹੁਣ ਜਦੋਂ ਐੱਸ.ਐੱਸ.ਬੀ. ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਸੁਗਮ ਵਰਦੀ ’ਚ ਦੁਬਾਰਾ ਪਤੀ ਦੇ ਨਾਲ ਆਪਣੇ ਪਿੰਡ ਪਰਤੀ ਤਾਂ ਪਿੰਡ ਵਾਲਿਆਂ ਨੇ ਵਰਦੀ ਵਾਲੀ ਨੂੰਹ ਨੂੰ ਪਲਕਾਂ ’ਤੇ ਬਿਠਾ ਲਿਆ। ਜਦੋਂ ਕਾਰ ਰੇਤ ਵਿਚ ਫਸ ਗਈ ਤਾਂ ਲੋਕਾਂ ਨੇ ਇਹ ਕਹਿ ਕੇ ਉਤਰਨ ਤਕ ਨਹੀਂ ਦਿੱਤਾ ਕਿ ਤੂੰ ਪਿੰਡ ਦੀ ਨੂੰਹ ਹੈ, ਇਸ ਗਰਮੀ ’ਚ ਤੁਹਾਨੂੰ ਦੁਖ ਨਹੀਂ ਲੱਗਣ ਦੇਵਾਂਗੇ।
ਦੱਸ ਦੇਈਏ ਕਿ ਉਸ ਪੂਰੇ ਪਿੰਡ ’ਚ ਸੁਗਮ ਹੀ ਇਕ ਮਾਤਰ ਕੁੜੀ ਹੈ ਜੋ ਕਿਸੇ ਨੌਕਰੀ ਲਈ ਚੁਣੀ ਗਈ ਹੈ। ਹੁਣ ਸੁਗਮ ਦੇ ਨੌਕਰੀ ’ਚ ਜਾਣ ਤੋਂ ਬਾਅਦ ਪਿੰਡ ਦੀਆਂ ਦੂਜੀਆਂ ਕੁੜੀਆਂ ਵੀ ਪ੍ਰੇਰਣਾ ਲੈ ਰਹੀਆਂ ਹਨ। ਉੱਥੇ ਹੀ ਸੁਗਮ ਉਨ੍ਹਾਂ ਨੂੰ ਦੱਸਦੀ ਹੈ ਕਿ ਸੰਘਰਸ਼ ਕਰਨ ਵਾਲੇ ਹਮੇਸ਼ਾ ਸਫਲ ਹੁੰਦੇ ਹਨ। ਇਹ ਪੂਰੀ ਕਹਾਣੀ ਸਾਡੇ ਸਮਾਜ ਦੇ ਉਸ ਸੱਚ ਨੂੰ ਉਜਾਗਰ ਕਰਦੀ ਹੈ ਜਿਸ ਵਿਚ ਅਸੀਂ ਸਿਰਫ ਉਗਦੇ ਸੂਰਜ ਨੂੰ ਸਲਾਮ ਕਰਨਾ ਪਸੰਦ ਕਰਦੇ ਹਾਂ। ਇਹ ਕਿੰਨਾ ਸਹੀ ਹੈ ਇਸ ’ਤੇ ਮੰਥਨ ਕਰਨਾ ਜ਼ਰੂਰੀ ਹੈ।