11 ਸਾਲਾ ਬੱਚੀ ਨਾਲ ਗੈਂਗਰੇਪ, ਕਤਲ ਕਰ ਦਰੱਖਤ ਨਾਲ ਲਟਕਾਈ ਲਾਸ਼

Tuesday, Mar 03, 2020 - 10:50 AM (IST)

11 ਸਾਲਾ ਬੱਚੀ ਨਾਲ ਗੈਂਗਰੇਪ, ਕਤਲ ਕਰ ਦਰੱਖਤ ਨਾਲ ਲਟਕਾਈ ਲਾਸ਼

ਗੁਹਾਟੀ— ਆਸਾਮ ਦੇ ਬਿਸਵਨਾਥ ਜ਼ਿਲੇ ’ਚ 11 ਸਾਲਾ ਨਾਬਾਲਗ ਬੱਚੀ ਨਾਲ ਗੈਂਗਰੇਪ ਅਤੇ ਕਤਲ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ 10ਵੀਂ ਜਮਾਤ ’ਚ ਪੜ੍ਹਨ ਵਾਲੇ 7 ਵਿਦਿਆਰਥੀਆਂ ਨੇ ਪਾਰਟੀ ਦੇ ਬਹਾਨੇ ਬੱਚੀ ਨੂੰ ਬੁਲਾਇਆ ਅਤੇ ਫਿਰ ਉਸ ਨਾਲ ਰੇਪ ਕੀਤਾ। ਬਾਅਦ ’ਚ ਬੱਚੀ ਦਾ ਕਤਲ ਕਰ ਕੇ ਲਾਸ਼ ਨੂੰ ਦਰੱਖਤ ਨਾਲ ਟੰਗ ਦਿੱਤਾ। ਸਾਰੇ 7 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

ਪਾਰਟੀ ਦੇ ਬਹਾਨੇ ਬੱਚੀ ਨੂੰ ਬੁਲਾਇਆ ਘਰ
ਘਟਨਾ ਪ੍ਰਦੇਸ਼ ਦੇ ਬਿਸਵਨਾਥ ਜ਼ਿਲੇ ਦੇ ਰਾਜਾਬਾੜੀ ਪਿੰਡ ਦੀ ਹੈ। ਪੁਲਸ ਅਨੁਸਾਰ ਦੋਸ਼ੀ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ 10ਵੀਂ ਦੀ ਪ੍ਰੀਖਿਆ ਦੇ ਖਤਮ ਹੋਣ ਤੋਂ ਬਾਅਦ ਪਾਰਟੀ ਦੇ ਬਹਾਨੇ ਬੱਚੀ ਨੂੰ ਆਪਣੇ ਘਰ ਬੁਲਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨਾਲ ਰੇਪ ਕੀਤਾ। ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀਆਂ ਨੇ ਬੱਚੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕੋਲ ਦੇ ਜੰਗਲ ’ਚ ਇਕ ਦਰੱਖਤ ਨਾਲ ਲਟਕਾ ਦਿੱਤਾ। ਉੱਥੇ ਹੀ ਘਟਨਾ ਤੋਂ ਬਾਅਦ ਬੱਚੀ ਦੇ ਪਰਿਵਾਰ ਵਾਲਿਆਂ ਸਮੇਤ ਸੈਂਕੜੇ ਲੋਕਾਂ ਨੇ ਦੋਸ਼ੀਆਂ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਹਾਈਵੇਅ 15 ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਗੋਫੂਰ ਪੁਲਸ ਥਾਣੇ ਦਾ ਘਿਰਾਅ ਵੀ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਕੀਤੀ ਮੌਤ ਦੀ ਸਜ਼ਾ ਮੰਗ
ਐਤਵਾਰ ਨੂੰ ਪੁਲਸ ਨੇ ਮਾਮਲੇ ਦੇ ਸਾਰੇ 7 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ। ਸੋਮਵਾਰ ਨੂੰ ਉਨ੍ਹਾਂ ਨੂੰ ਜੁਵੇਨਾਈਲ ਕੋਰਟ ’ਚ ਪੇਸ਼ ਕੀਤਾ ਗਿਆ ਅਤੇ ਇਸ ਤੋਂ ਬਾਅਦ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ। ਉੱਥੇ ਹੀ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਪੀੜਤਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਕਿਹਾ ਸੀ ਕਿ ਉਹ ਦੋਸ਼ੀਆਂ ਦੀ ਪਛਾਣ ਉਜਾਗਰ ਕਰੇ। ਉਹ ਉਨ੍ਹਾਂ ਵਿਦਿਆਰਥੀਆਂ ਦੇ ਚਿਹਰੇ ਦੇਖਣਾ ਚਾਹੁੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਬੱਚੀ ਨਾਲ ਰੇਪ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਕੇ ਉਸ ਨੂੰ ਦਰੱਖਤ ਨਾਲ ਲਟਕਾ ਦਿੱਤਾ।


author

DIsha

Content Editor

Related News