ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਅਧੀਨ ਘਰ ਦਿਵਾਉਣ ਦੇ ਬਹਾਨੇ ਕੁੜੀ ਨਾਲ 2 ਨੌਜਵਾਨਾਂ ਨੇ ਕੀਤਾ ਗੈਂਗਰੇਪ
Saturday, Oct 09, 2021 - 03:00 PM (IST)
ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਭੋਪਾ ਥਾਣਾ ਖੇਤਰ ਦੇ ਇਕ ਪਿੰਡ ’ਚ 22 ਸਾਲਾ ਕੁੜੀ ਨਾਲ 2 ਨੌਜਵਾਨਾਂ ਵਲੋਂ ਸਮੂਹਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਨੇ ਇਸ ਘਟਨਾ ਨੂੰ ਮੋਬਾਇਲ ਫੋਨ ’ਚ ਰਿਕਾਰਡ ਵੀ ਕਰ ਲਿਆ। ਇਹ ਜਾਣਕਾਰੀ ਪੁਲਸ ਨੇ ਸ਼ਨੀਵਾਰ ਨੂੰ ਦਿੱਤੀ। ਪੁਲਸ ਅਨੁਸਾਰ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਅਧੀਨ ਘਰ ਦਿਵਾਉਣ ਦੇ ਬਹਾਨੇ ਯੋਗੇਸ਼ ਕੁਮਾਰ ਅਤੇ ਬੱਬਲੂ, ਕੁੜੀ ਨੂੰ ਖੇਤ ’ਚ ਲੈ ਗਏ ਅਤੇ ਉੱਥੇ ਵਾਰੀ-ਵਾਰੀ ਨਾਲ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ’ਚੋਂ ਇਕ ਨੇ ਇਸ ਘਟਨਾ ਦਾ ਆਪਣੇ ਫ਼ੋਨ ’ਚ ਵੀਡੀਓ ਵੀ ਬਣਾ ਲਿਆ।
ਉਨ੍ਹਾਂ ਦੱਸਿਆ ਕਿ ਬਾਅਦ ’ਚ, ਯੋਗੇਸ਼ ਨੇ ਵੀਰਵਾਰ ਨੂੰ ਵੀਡੀਓ ਡਿਲੀਟ ਕਰਨ ਦਾ ਵਾਅਦਾ ਕਰ ਕੇ ਪੀੜਤਾ ਨੂੰ ਬੁਲਾਇਆ ਅਤੇ ਉਸ ਨੇ ਉਸ ਨਾਲ ਫਿਰ ਤੋਂ ਜਬਰ ਜ਼ਿਨਾਹ ਕੀਤਾ। ਉਨ੍ਹਾਂ ਦੱਸਿਆ ਕਿ ਯੋਗੇਸ਼ ਨੇ ਵੀਡੀਓ ਡਿਲੀਟ ਨਹੀਂ ਕੀਤਾ ਅਤੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਐੱਸ.ਐੱਚ.ਓ. ਰਾਜ ਕੁਮਾਰ ਰਾਣਾ ਅਨੁਸਾਰ, ਪੁਲਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਹਾਂ ਦੋਸ਼ੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 376 ਅਤੇ 506 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੀੜਤਾ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।