2 ਮਹੀਨੇ ਮਾਂ ਅਤੇ ਭੈਣ ਦੀਆਂ ਲਾਸ਼ਾਂ ਨਾਲ ਹੀ ਰਹਿੰਦੀ ਰਹੀ ਇਹ ਕੁੜੀ

11/9/2019 5:16:48 PM

ਅਯੁੱਧਿਆ—ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਕੁੜੀ ਆਪਣੀ ਮਾਂ ਅਤੇ ਭੈਣ ਦੀਆਂ ਲਾਸ਼ਾਂ ਨਾਲ ਰਹਿ ਰਹੀ ਸੀ। ਦੱਸਣਯੋਗ ਹੈ ਕਿ ਇੱਥੋ ਦੇ ਦੇਵਕਲੀ ਪੁਲਸ ਥਾਣਾ ਖੇਤਰ ਦੀ ਆਦਰਸ਼ ਨਗਰ ਕਾਲੋਨੀ 'ਚ ਗੁਆਂਢੀਆਂ ਵੱਲੋਂ ਇੱਕ ਘਰ 'ਚ ਬਦਬੂ ਆਉਣ 'ਤੇ ਵੀਰਵਾਰ ਪੁਲਸ ਨੂੰ ਬੁਲਾਇਆ ਗਿਆ। ਜਦੋਂ ਪੁਲਸ ਨੇ ਘਰ ਦਾ ਦਰਵਾਜ਼ਾ ਖੋਲਿਆ ਤਾਂ ਦੇਖਿਆ ਗਿਆ ਕਿ ਦੀਪਾ ਨਾਂ ਦੀ ਕੁੜੀ ਆਪਣੀ ਮਾਂ ਪੁਸ਼ਪਾ ਸ਼੍ਰੀਵਾਸਤਵ ਅਤੇ ਭੈਣ ਵਿਭਾ ਦੀਆਂ ਲਾਸ਼ਾਂ ਨਾਲ ਸੁੱਤੀ ਪਈ ਸੀ।

ਸਰਕਿਲ ਅਧਿਕਾਰੀ ਅਰਵਿੰਦ ਚੌਰਸੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੀਪਾ ਦੇ ਪਿਤਾ ਅਤੇ ਸਾਬਕਾ ਸਬ-ਡਿਵੀਜ਼ਨਲ ਮੈਜਿਸਟ੍ਰੇਟ ਵਿਜੇਂਦਰ ਸ਼੍ਰੀਵਾਸਤਵ ਦੀ 1990 'ਚ ਮੌਤ ਹੋ ਗਈ ਸੀ। ਦੀਪਾ ਆਪਣੀ ਮਾਂ ਅਤੇ ਤਿੰਨ ਭੈਣਾਂ ਨਾਲ ਘਰ 'ਚ ਰਹਿੰਦੀ ਸੀ। ਕੁਝ ਸਾਲ ਪਹਿਲਾਂ ਦੀਪਾ ਦੀ ਭੈਣ ਰੁਪਾਲੀ ਦੀ ਵੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਸ਼ਪਾ ਸ਼੍ਰੀਵਾਸਤਵ ਅਤੇ ਉਨ੍ਹਾਂ ਦੀਆਂ ਬਾਕੀ ਦੋ ਬੇਟੀਆਂ ਵਿਭਾ ਅਤੇ ਦੀਪਾ ਮਾਨਸਿਕ ਰੂਪ 'ਚ ਬੀਮਾਰ ਹੋ ਗਈਆ। ਉਨ੍ਹਾਂ ਨੇ ਗੁਆਂਢੀਆਂ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਸੀ। ਪੁਸ਼ਪਾ ਅਤੇ ਵਿਭਾ ਦੀ ਮੌਤ ਲਗਭਗ 2 ਮਹੀਨੇ ਪਹਿਲਾਂ ਹੋਈ ਸੀ ਅਤੇ ਦੀਪਾ ਉਨ੍ਹਾਂ ਦੀਆਂ ਮ੍ਰਿਤਕ ਲਾਸ਼ਾਂ ਨਾਲ ਰਹਿ ਰਹੀ ਸੀ।

ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਲਾਸ਼ਾਂ ਇਸ ਹੱਦ ਤੱਕ ਖਰਾਬ ਹੋ ਚੁੱਕੀਆਂ ਸੀ ਕਿ ਉਨ੍ਹਾਂ ਦੀਆਂ ਹੱਡੀਆਂ ਦਿਖਾਈ ਦੇ ਰਹੀਆਂ ਸਨ। ਉਨ੍ਹਾਂ ਦੋਵਾਂ ਦੀ ਮੌਤ ਦੇ ਕਾਰਨਾਂ ਬਾਰੇ ਪਤਾ ਲਗਾਉਣ ਲਈ ਲਾਸ਼ਾ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਦੀਪਾ ਨੂੰ ਮੈਡੀਕਲ ਟੈਸਟ ਲਈ ਭੇਜ ਦਿੱਤਾ ਗਿਆ ਹੈ।


Iqbalkaur

Edited By Iqbalkaur