ਮਾਂ ਲਈ ਲਾੜੇ ਦੀ ਭਾਲ ''ਚ ਇਹ ਲੜਕੀ, ਟਵਿੱਟਰ ''ਤੇ ਤਸਵੀਰ ਸ਼ੇਅਰ ਕਰ ਕੇ ਰੱਖੀਆਂ 3 ਸ਼ਰਤਾਂ
Sunday, Nov 03, 2019 - 03:39 PM (IST)
 
            
            ਨਵੀਂ ਦਿੱਲੀ— ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ, ਜੋ ਕਿ ਤੁਹਾਡੇ ਕਈ ਕੰਮਾਂ ਨੂੰ ਸੌਖਾਲਾ ਕਰਦਾ ਹੈ। ਫੇਸਬੁੱਕ, ਟਵਿੱਟਰ ਆਦਿ ਦੀ ਵਰਤੋਂ ਕਰ ਕੇ ਅੱਜ ਦੇ ਤਕਨਾਲੋਜੀ ਭਰੇ ਯੁੱਗ 'ਚ ਵਿਅਕਤੀ ਘਰ ਬੈਠਿਆਂ ਹੀ ਕਈ ਕੰਮਾਂ ਨੂੰ ਨਿਪਟਾ ਰਿਹਾ ਹੈ। ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਟਵਿੱਟਰ ਦੀ। ਟਵਿੱਟਰ 'ਤੇ ਇਕ ਲੜਕੀ ਆਪਣੇ ਮਾਂ ਲਈ ਲਾੜੇ ਦੀ ਭਾਲ ਕਰ ਰਹੀ ਹੈ। ਆਸਥਾ ਵਰਮਾ ਨਾਂ ਦੀ ਇਸ ਲੜਕੀ ਨੇ ਟਵਿੱਟਰ 'ਤੇ ਆਪਣੀ ਅਤੇ ਆਪਣੀ ਮਾਂ ਦੀ ਤਸਵੀਰ ਨੂੰ ਸਾਂਝਾ ਕੀਤਾ ਹੈ।

ਲਾਅ ਦੀ ਵਿਦਿਆਰਥਣ ਆਸਥਾ ਵਰਮਾ ਨੇ ਟਵਿੱਟਰ 'ਤੇ ਆਪਣੀ ਅਤੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ- ਆਪਣੀ ਮਾਂ ਲਈ 50 ਸਾਲ ਦੇ ਆਲੇ-ਦੁਆਲੇ ਦੀ ਉਮਰ ਵਾਲੇ ਵਿਅਕਤੀ ਦੀ ਭਾਲ ਹੈ। ਉਹ ਸ਼ਾਕਾਹਾਰੀ ਹੋਵੇ, ਸ਼ਰਾਬ ਨਾ ਪੀਂਦਾ ਹੋਵੇ ਅਤੇ ਚੰਗੀ ਤਰ੍ਹਾਂ ਸਥਾਪਤ ਹੋਵੇ। ਆਸਥਾ ਦੇ ਇਸ ਟਵੀਟ ਨੂੰ ਹੁਣ ਤਕ 6,000 ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ ਅਤੇ ਇਸ 'ਤੇ 29,000 ਤੋਂ ਵੱਧ ਲਾਈਕ ਮਿਲ ਚੁੱਕੇ ਹਨ। 
ਬਦਲਦੇ ਸਮਾਜ ਦੀ ਇਹ ਤਸਵੀਰ ਅਤੇ ਇਕ ਧੀ ਦੇ ਇਸ ਕਦਮ ਦੀ ਹੁਣ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਅਕਸਰ ਮਾਪੇ ਆਪਣੇ ਬੱਚਿਆਂ ਦੇ ਵਿਆਹ ਲਈ ਇਸ਼ਤਿਹਾਰ ਦਿੰਦੇ ਹਨ ਪਰ ਇਕ ਧੀ ਵਲੋਂ ਟਵਿੱਟਰ 'ਤੇ ਪੋਸਟ ਕੀਤਾ ਗਿਆ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਸਥਾ ਵਲੋਂ ਕੀਤੀ ਗਈ ਇਸ ਕੋਸ਼ਿਸ਼ ਲਈ ਹੁਣ ਉਸ ਕੋਲ ਮਾਂ ਲਈ ਰਿਸ਼ਤੇ ਵੀ ਆਉਣ ਲੱਗੇ ਹਨ। ਆਸਥਾ ਚਾਹੁੰਦੀ ਹੈ ਕਿ ਉਹ ਆਪਣੀ ਮਾਂ ਨੂੰ ਹਮੇਸ਼ਾ ਖੁਸ਼ ਦੇਖੇ, ਇਸ ਲਈ ਉਸ ਨੇ ਮਾਂ ਲਈ ਇਕ ਸਾਥੀ ਦੀ ਭਾਲ ਸ਼ੁਰੂ ਕੀਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            