ਗਾਜ਼ੀਪੁਰ ਬਾਰਡਰ: ਪੁਲਸ ਨੇ CRPC ਦੀ ਧਾਰਾ 133 ਦੇ ਤਹਿਤ ਕਿਸਾਨਾਂ ਨੂੰ ਜਾਰੀ ਕੀਤਾ ਨੋਟਿਸ

1/28/2021 8:32:13 PM

ਨਵੀਂ ਦਿੱਲੀ - 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ 'ਤੇ ਹੋਈ ਘਟਣਾ ਤੋਂ ਬਾਅਦ ਸਰਕਾਰ ਵਲੋਂ ਸਾਰੇ ਬਾਰਡਰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਗਾਜ਼ੀਪੁਰ ਬਾਰਡਰ 'ਤੇ ਬੈਠੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲਸ ਨੇ CRPC ਦੀ ਧਾਰਾ 133 ਦੇ ਤਹਿਤ ਨੋਟਿਸ ਜਾਰੀ ਕੀਤਾ ਹੈ, ਜਿਸ 'ਚ ਕਿਸਾਨਾਂ ਨੂੰ ਧਰਨਾ ਚੁੱਕਣ ਅਤੇ ਜਲਦ ਤੋਂ ਜਲਦ ਸੜਕ ਖਾਲੀ ਕਰਨ ਦੇ ਲਈ ਕਿਹਾ ਗਿਆ ਹੈ।   

ਦੱਸ ਦਈਏ ਕਿ ਯੂ.ਪੀ ਸਰਕਾਰ ਨੇ ਕਿਸਾਨਾਂ ਨੂੰ ਗਾਜ਼ੀਪੁਰ ਬਾਰਡਰ 2 ਘੰਟਿਆਂ 'ਚ ਖਾਲੀ ਕਰਨ ਦਾ ਹੁਕਮ ਦਿੱਤਾ ਸੀ ਯੋਗੀ ਸਰਕਾਰ ਵੱਲੋਂ ਡੀ. ਐੱਮ. ਅਤੇ ਐੱਸ. ਪੀ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਰਾਕੇਸ਼ ਟਿਕੈਤ ਦੀ ਅਗਵਾਈ 'ਚ ਚੱਲ ਰਹੇ ਗਾਜ਼ੀਪੁਰ ਬਾਰਡਰ ਦੇ ਇਸ ਧਰਨੇ ਨੂੰ ਜਲਦ ਤੋਂ ਜਲਦ ਚੁੱਕਾਇਆ ਜਾਵੇ। ਜ਼ਿਕਰਯੋਗ ਹੈ ਕਿ ਅਲਟੀਮੇਟ ਮਿਲਣ ਤੋਂ ਬਾਅਦ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ 'ਤੇ ਭਾਰੀ ਗਿਣਤੀ 'ਚ ਨੀਮ ਫੌਜੀ ਬਲਾਂ ਦੀ ਵੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਬੀ.ਐੱਸ.ਐੱਫ. ਅਤੇ ਸੀ.ਆਰ.ਪੀ.ਐੱਫ ਦੇ ਜਵਾਨ ਵੀ ਤਾਇਨਾਤ ਹਨ।

ਜ਼ਿਕਰਯੋਗ ਹੈ ਕਿ ਗਾਜ਼ੀਪੁਰ ਬਾਰਡਰ ਦੋਵੇਂ ਪਾਸਿਓ ਬੰਦ ਕਰ ਦਿੱਤਾ ਗਿਆ ਹੈ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਗਾਜ਼ੀਪੁਰ ਬਾਰਡਰ ਵੱਲੋਂ ਨਾ ਜਾਣ ਦੀ ਹਦਾਇਤ ਵੀ ਦਿੱਤੀ ਹੈ। ਪੂਰੇ ਦੇਸ਼ ਦੀ ਨਜ਼ਰ ਇਸ ਸਮੇਂ ਗਾਜ਼ੀਪੁਰ ਬਾਰਡਰ 'ਤੇ ਬਣੀ ਹੋਈ ਹੈ। ਪਿੱਛਲੇ 2 ਮਹੀਨਿਆਂ ਤੋਂ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਹੇ ਕਿਸਾਨ ਅੰਦੋਲਨ 'ਤੇ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਗਾਜ਼ੀਪੁਰ ਬਾਰਡਰ 'ਤੇ ਧਾਰਾ 144 ਲਗਾ ਦਿੱਤੀ ਗਈ ਹੈ ਅਤੇ ਭਾਰੀ ਮਾਤਰਾ 'ਚ ਇੱਥੇ ਆਰ. ਏ. ਐੱਫ ਦੀ ਤਾਇਨਾਤੀ ਅਤੇ ਕਿਸਾਨਾਂ ਨੂੰ ਲੈ ਕੇ ਜਾਣ ਲਈ ਬੱਸਾਂ ਵੀ ਲਗਾਈਆਂ ਗਈਆਂ ਹਨ। 


Bharat Thapa

Content Editor Bharat Thapa