ਗਾਜ਼ੀਆਬਾਦ ਦੇ 15 ਮੰਜ਼ਿਲਾ ਅਪਾਰਟਮੈਂਟ ’ਚ ਲੱਗੀ ਭਿਆਨਕ ਅੱਗ
Thursday, Apr 30, 2026 - 12:49 AM (IST)
ਗਾਜ਼ੀਆਬਾਦ- ਗੌਰ ਗ੍ਰੀਨ ਐਵੇਨਿਊ ਸੁਸਾਇਟੀ ਦੇ ਟਾਵਰ-ਡੀ ਸਥਿਤ 15 ਮੰਜ਼ਿਲਾ ਅਪਾਰਟਮੈਂਟ ਵਿਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨੇ ਦੇਖਦੇ ਹੀ ਦੇਖਦੇ 7 ਮੰਜ਼ਿਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਘਟਨਾ ਤੋਂ ਬਾਅਦ ਇਲਾਕੇ ਵਿਚ ਅਫਰਾ-ਤਫਰੀ ਮਚ ਗਈ। ਅੱਗ 9ਵੀਂ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਉੱਪਰ ਵੱਲ ਫੈਲ ਗਈ। ਧੂੰਏਂ ਦਾ ਗੁਬਾਰ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦਿੱਤਾ। ਅੱਗ ਦੀਆਂ ਲਪਟਾਂ ਵਿਚਕਾਰ ਫਲੈਟਾਂ ਵਿਚ ਲੱਗੇ ਏ. ਸੀ. ਦੇ ਕੰਪ੍ਰੈਸਰ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਹਾਲਾਂਕਿ, ਜ਼ਿਆਦਾਤਰ ਲੋਕ ਸਮਾਂ ਰਹਿੰਦੇ ਬਾਹਰ ਨਿਕਲਣ ਵਿਚ ਸਫਲ ਰਹੇ।
ਫਾਇਰ ਬ੍ਰਿਗੇਡ ਦੀਆਂ 17 ਗੱਡੀਆਂ ਅਤੇ 74 ਜਵਾਨਾਂ ਨੇ ਕਰੀਬ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਬਚਾਅ ਕਾਰਜ ਦੌਰਾਨ ਹਾਈਡ੍ਰੌਲਿਕ ਪਲੇਟਫਾਰਮ ਦੀ ਮਦਦ ਨਾਲ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ, ਜਦਕਿ ਸਾਵਧਾਨੀ ਵਜੋਂ ਆਸ-ਪਾਸ ਦੇ ਟਾਵਰਾਂ ਦੀ ਬਿਜਲੀ ਅਤੇ ਲਿਫਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ।
ਧੂੰਏਂ ਕਾਰਨ ਕੁਝ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਈ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਨ੍ਹਾਂ ਫਲੈਟਾਂ ਵਿਚ ਨੁਕਸਾਨ ਹੋਇਆ ਹੈ, ਉਨ੍ਹਾਂ ਦੇ ਨਿਵਾਸੀਆਂ ਨੂੰ ਸੁਸਾਇਟੀ ਦੇ ਕਮਿਊਨਿਟੀ ਸੈਂਟਰ ਵਿਚ ਠਹਿਰਾਇਆ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਜਿਸ ਫਲੈਟ ਵਿਚ ਅੱਗ ਲੱਗੀ, ਉੱਥੇ ਪਿਛਲੇ ਕੁਝ ਮਹੀਨਿਆਂ ਤੋਂ ਫਰਨੀਚਰ ਦਾ ਕੰਮ ਚੱਲ ਰਿਹਾ ਸੀ।
