ਬੱਚੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, ਪੰਜ ਜਣੇ ਗ੍ਰਿਫਤਾਰ
Wednesday, Aug 07, 2024 - 10:50 PM (IST)
ਗਾਜ਼ੀਆਬਾਦ : ਪੁਲਸ ਨੇ ਜ਼ਿਲ੍ਹੇ ਵਿਚ ਬੱਚੇ ਚੋਰੀ ਕਰਨ ਅਤੇ ਵੇਚਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਬੁੱਧਵਾਰ ਨੂੰ ਇਕ ਜੋੜੇ ਸਣੇ ਤਿੰਨ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਜੀਟੀ ਰੋਡ ਥਾਣੇ ਦੀ ਟੀਮ ਨੇ ਕੀਤੀਆਂ। ਪੁਲਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਰਾਜੇਸ਼ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਗਰੋਹ ਦੇ ਮੈਂਬਰਾਂ ਨੇ ਕਬੂਲ ਕੀਤਾ ਹੈ ਕਿ ਉਹ ਮੰਗ 'ਤੇ ਬੱਚੇ ਚੋਰੀ ਕਰਦੇ ਸਨ ਅਤੇ ਪੈਸੇ ਲਈ ਐੱਨਸੀਆਰ ਵਿੱਚ ਬੇਔਲਾਦ ਜੋੜਿਆਂ ਨੂੰ ਵੇਚਦੇ ਸਨ। ਅਧਿਕਾਰੀ ਨੇ ਕਿਹਾ ਕਿ ਗਿਰੋਹ ਬੇਔਲਾਦ ਜੋੜਿਆਂ ਨੂੰ ਸਰੋਗੇਸੀ ਲਈ ਔਰਤਾਂ ਵੀ ਪ੍ਰਦਾਨ ਕਰਦਾ ਸੀ। 5 ਅਗਸਤ ਨੂੰ ਪੁਲਸ ਨੇ ਜ਼ਿਲ੍ਹਾ ਹਸਪਤਾਲ ਤੋਂ ਚੋਰੀ ਹੋਏ ਚਾਰ ਮਹੀਨੇ ਦੇ ਬੱਚੇ ਨੂੰ ਬਰਾਮਦ ਕਰ ਲਿਆ। ਇਸ ਮਾਮਲੇ 'ਚ ਥਾਣਾ ਸਦਰ 'ਚ ਸ਼ਿਕਾਇਤਕਰਤਾ ਵਿੱਕੀ ਪ੍ਰਜਾਪਤੀ ਅਨੁਸਾਰ ਉਸ ਦੀ ਪਤਨੀ ਸ੍ਰਿਸ਼ਟੀ ਆਪਣੇ ਬੱਚੇ ਦੀ ਜਾਂਚ ਕਰਵਾਉਣ ਲਈ ਹਸਪਤਾਲ ਗਈ ਸੀ ਅਤੇ ਬੱਚਾ ਹਸਪਤਾਲ ਤੋਂ ਗਾਇਬ ਹੋ ਗਿਆ।
ਅਧਿਕਾਰੀ ਨੇ ਕਿਹਾ ਕਿ ਅਸੀਂ ਬੱਚੇ ਦੀ ਭਾਲ ਵਿਚ ਹਸਪਤਾਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਗਿਰੋਹ ਦਾ ਪਤਾ ਲਗਾਇਆ। ਇਸ ਗਿਰੋਹ ਨੇ ਮਧੂਬਨ ਬਾਪੂਧਾਮ ਥਾਣਾ ਖੇਤਰ ਤੋਂ ਇੱਕ ਹੋਰ ਬੱਚਾ ਚੋਰੀ ਕਰਨ ਅਤੇ ਇਸਨੂੰ ਐੱਨਸੀਆਰ ਤੋਂ ਇੱਕ ਬੇਔਲਾਦ ਜੋੜੇ ਨੂੰ ਵੇਚਣ ਦੀ ਗੱਲ ਕਬੂਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਗਰੋਹ ਦੇ ਦੋ ਮੈਂਬਰ ਫਰਾਰ ਹਨ।