ਵੈਕਸੀਨ ਨੂੰ ਲੈ ਕੇ ਅਦਾਰ ਪੂਨਾਵਾਲਾ ਨੂੰ ਮਿਲ ਰਹੀਆਂ ਪਾਵਰਫੁੱਲ ਲੋਕਾਂ ਵਲੋਂ ਧਮਕੀਆਂ
Saturday, May 01, 2021 - 08:18 PM (IST)
ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁਖੀ ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਫੋਨ ਕਾਲ ਸਭ ਤੋਂ ਬੁਰੀ ਚੀਜ਼ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਦਾਰ ਪੂਨਾਵਾਲਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ COVID-19 ਵੈਕਸੀਨ ਲਈ ਵੱਡੀ ਗਿਣਤੀ ਵਿੱਚ ਫੋਨ ਆ ਰਹੇ ਹਨ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ।
ਉਨ੍ਹਾਂ ਕਿਹਾ, ਫੋਨ ਕਰਣ ਵਾਲਿਆਂ ਵਿੱਚ ਭਾਰਤੀ ਰਾਜਾਂ ਦੇ ਮੁੱਖ ਮੰਤਰੀ, ਵਪਾਰ ਮੰਡਲ ਦੇ ਪ੍ਰਮੁੱਖ ਅਤੇ ਕਈ ਪ੍ਰਭਾਵਸ਼ਾਲੀ ਹਸਤੀਆਂ ਸ਼ਾਮਲ ਹਨ। ਇਹ ਲੋਕ ਫੋਨ 'ਤੇ ਕੋਵਿਸ਼ਿਲਡ ਵੈਕਸੀਨ ਦੀ ਤੱਤਕਾਲ ਸਪਲਾਈ ਦੀ ਮੰਗ ਕਰਦੇ ਹਨ। ਅਦਾਰ ਦਾ ਕਹਿਣਾ ਹੈ ਕਿ ਕੋਵਿਸ਼ੀਲਡ ਵੈਕਸੀਨ ਪਾਉਣ ਦੀ ਉਮੀਦ ਅਤੇ ਆਕਰਾਮਕਤਾ ਦਾ ਪੱਧਰ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕੋਰੋਨਾ ਮਹਾਮਾਰੀ ਧਰਤੀ 'ਤੇ ਦੂਜੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਫੈਲ ਰਹੀ ਹੈ, ਜਿਸ ਨਾਲ ਵੱਡੇ ਪੱਧਰ 'ਤੇ ਡਰ, ਦਹਿਸ਼ਤ ਫੈਲ ਰਿਹਾ ਹੈ ਅਤੇ ਲਗਾਤਾਰ ਮੌਤਾਂ ਹੋ ਰਹੀਆਂ ਹਨ।
ਦੂਜੇ ਪਾਸੇ ਕੇਂਦਰ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੂੰ ਪੂਰੇ ਦੇਸ਼ ਵਿੱਚ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। SII ਵਿੱਚ ਸਰਕਾਰ ਅਤੇ ਰੈਗੂਲੇਟਰੀ ਮਾਮਲੇ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ 16 ਅਪ੍ਰੈਲ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੂਨਾਵਾਲਾ ਨੂੰ ਸੁਰੱਖਿਆ ਦੇਣ ਦਾ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਫੈਸਲਾ ਕੀਤਾ ਹੈ।
ਪੂਨਾਵਾਲਾ ਨੇ ਕਿਹਾ ਕਿ ਇਸ ਦਵਾਬ ਦੇ ਚੱਲਦੇ ਹੀ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਲੰਡਨ ਆ ਗਏ ਹਨ। ਪੂਨਾਵਾਲਾ ਨੇ ਕਿਹਾ, ‘ਮੈਂ ਇੱਥੇ (ਲੰਡਨ) ਤੈਅ ਸਮੇਂ ਤੋਂ ਜ਼ਿਆਦਾ ਰੁੱਕ ਰਿਹਾ ਹਾਂ, ਕਿਉਂਕਿ ਮੈਂ ਉਸ ਹਾਲਤ ਵਿੱਚ ਵਾਪਸ ਨਹੀਂ ਜਾਣਾ ਚਾਹੁੰਦਾ। ਸਭ ਕੁੱਝ ਮੇਰੇ ਮੋਢਿਆਂ 'ਤੇ ਪੈ ਗਿਆ ਹੈ ਪਰ ਮੈਂ ਇਸ ਨੂੰ ਇਕੱਲਾ ਨਹੀਂ ਕਰ ਸਕਦਾ। ਮੈਂ ਅਜਿਹੀ ਹਾਲਤ ਵਿੱਚ ਨਹੀਂ ਰਹਿਣਾ ਚਾਹੁੰਦਾ, ਜਿੱਥੇ ਤੁਸੀਂ ਸਿਰਫ ਆਪਣਾ ਕੰਮ ਕਰਣ ਦੀ ਕੋਸ਼ਿਸ਼ ਕਰ ਰਹੇ ਹੋ, ਅਤੇ ਸਿਰਫ ਇਸ ਲਈ ਕਿ ਤੁਸੀਂ ਹਰ ਕਿਸੇ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਸੱਕਦੇ, ਤੁਸੀਂ ਅੰਦਾਜਾ ਨਹੀਂ ਲਗਾ ਸਕਦੇ ਕਿ ਬਦਲੇ ਵਿੱਚ ਉਹ ਕੀ ਕਰਣਗੇ।’