ਰਾਜਸਥਾਨ ਨੂੰ ਜਾਂਦੇ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ CM ਗਹਿਲੋਤ ਨੇ ਮੁੱਖ ਮੰਤਰੀ ਮਾਨ ਨੂੰ ਲਿਖਿਆ ਪੱਤਰ
Tuesday, Sep 20, 2022 - 01:26 PM (IST)
ਜੈਪੁਰ (ਭਾਸ਼ਾ)- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਹਰੀਕੇ ਬੈਰਾਜ ਤੋਂ ਸੂਬੇ ਦੀਆਂ ਨਹਿਰਾਂ 'ਚ ਜਾ ਰਹੇ ਪਾਣੀ ਦੇ ਸੰਬੰਧ 'ਚ ਉਨ੍ਹਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਉਨ੍ਹਾਂ ਨੇ ਪੰਜਾਬ 'ਚ ਬੁੱਢਾ ਨਾਲਾ ਪੁਨਰ ਸੁਰਜੀਤੀ ਪ੍ਰਾਜੈਕਟ ਤਹਿਤ ਐੱਸ.ਟੀ.ਪੀ ਅਤੇ ਸੀ.ਈ.ਟੀ.ਪੀ ਦਾ ਨਿਰਮਾਣ ਨਿਰਧਾਰਤ ਸਮੇਂ 'ਤੇ ਕਰਨ ਅਤੇ ਅਣਸੋਧਿਆ ਰਹਿੰਦ-ਖੂੰਹਦ ਨੂੰ ਸਿੱਧੇ ਦਰਿਆਵਾਂ/ਨਾਲਿਆਂ 'ਚ ਨਾ ਸੁੱਟਣ ਦੀ ਹਦਾਇਤ ਕੀਤੀ। ਗਹਿਲੋਤ ਨੇ ਪੱਤਰ 'ਚ ਲਿਖਿਆ ਹੈ ਕਿ ਰਾਜਸਥਾਨ ਨੂੰ ਰਾਵੀ-ਬਿਆਸ ਅਤੇ ਸਤਲੁਜ ਦਰਿਆਵਾਂ ਦਾ ਪਾਣੀ ਹਰੀਕੇ ਬੈਰਾਜ ਤੋਂ ਮਿਲਦਾ ਹੈ। ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਪ੍ਰਦੂਸ਼ਿਤ ਪਾਣੀ ਬੁੱਢੇ ਨਾਲੇ ਰਾਹੀਂ ਅਤੇ ਸਤਲੁਜ ਦਰਿਆ ਦੇ ਨੇੜੇ ਸਥਿਤ ਸ਼ਹਿਰਾਂ/ਕਸਬਿਆਂ ਦਾ ਸ਼ਹਿਰੀ ਅਤੇ ਉਦਯੋਗਿਕ ਕੂੜਾ ਡਰੇਨਾਂ ਰਾਹੀਂ ਹਰੀਕੇ ਬੈਰਾਜ ਤੱਕ ਸਤਲੁਜ ਦਰਿਆ 'ਚ ਪਹੁੰਚਦਾ ਹੈ। ਮੁੱਖ ਮੰਤਰੀ ਨੇ ਪੱਤਰ 'ਚ ਲਿਖਿਆ ਹੈ ਕਿ ਹਰੀਕੇ ਬੈਰਾਜ ਤੋਂ ਆਉਣ ਵਾਲਾ ਪਾਣੀ ਰਾਜਸਥਾਨ ਫੀਡਰ (ਇੰਦਰਾ ਗਾਂਧੀ ਫੀਡਰ) ਅਤੇ ਫਿਰੋਜ਼ਪੁਰ ਫੀਡਰ 'ਚ ਛੱਡਿਆ ਜਾਂਦਾ ਹੈ। ਇੰਦਰਾ ਗਾਂਧੀ ਫੀਡਰ ਰਾਹੀਂ ਪੱਛਮੀ ਰਾਜਸਥਾਨ 'ਚ ਫਿਰੋਜ਼ਪੁਰ ਫੀਡਰ ਦੇ ਮਾਧਿਅਮ ਰਾਹੀਂ ਹਨੂੰਮਾਨਗੜ੍ਹ ਅਤੇ ਸ਼੍ਰੀਗੰਗਾਨਗਰ ਜ਼ਿਲ੍ਹਿਆਂ 'ਚ ਸਿੰਚਾਈ ਅਤੇ ਪੀਣ ਲਈ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ।
ਇਹ ਵੀ ਪੜ੍ਹੋ : SC ਤੋਂ ਸ਼੍ਰੋਮਣੀ ਕਮੇਟੀ ਨੂੰ ਝਟਕਾ, ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਕਮੇਟੀ ਹੀ ਕਰੇਗੀ
ਉਨ੍ਹਾਂ ਪੱਤਰ 'ਚ ਲਿਖਿਆ ਹੈ ਕਿ ਹਰੀਕੇ ਬੈਰਾਜ ਤੋਂ ਰਾਜਸਥਾਨ ਨੂੰ ਪ੍ਰਦੂਸ਼ਿਤ ਪਾਣੀ ਮਿਲ ਰਿਹਾ ਹੈ। ਇਸ ਖੇਤਰ ਦੇ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਸਮੇਂ-ਸਮੇਂ 'ਤੇ ਦੂਸ਼ਿਤ ਪਾਣੀ ਨੂੰ ਰੋਕਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਗਹਿਲੋਤ ਨੇ ਪੱਤਰ ਰਾਹੀਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ 28 ਅਗਸਤ 2022 ਨੂੰ ਪੰਜਾਬ ਅਤੇ ਰਾਜਸਥਾਨ ਦੇ ਅਧਿਕਾਰੀਆਂ ਨਾਲ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਬੁੱਢੇ ਨਾਲੇ ਅਤੇ ਸਤਲੁਜ ਦਰਿਆ ਦਾ ਸਾਂਝਾ ਨਿਰੀਖਣ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਿਰੀਖਣ ਦੌਰਾਨ ਪਾਇਆ ਗਿਆ ਕਿ ਬੁੱਢਾ ਨਾਲਾ 'ਚ ਅਣਸੋਧਿਆ ਕੂੜਾ ਵਹਿ ਰਿਹਾ ਹੈ, ਜੋ ਸਤਲੁਜ ਦਰਿਆ ਰਾਹੀਂ ਹਰੀਕੇ ਬੈਰਾਜ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਪੱਤਰ 'ਚ ਲਿਖਿਆ ਕਿ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਸੀ ਕਿ ਗੰਦੇ ਪਾਣੀ ਨੂੰ ਰੋਕਣ ਲਈ ਲਈ ਐੱਸ.ਟੀ.ਪੀ. ਅਤੇ ਸੀ.ਈ.ਟੀ.ਪੀ. ਉਸਾਰੀ ਅਧੀਨ ਹਨ। ਗਹਿਲੋਤ ਨੇ ਆਸ ਪ੍ਰਗਟਾਈ ਕਿ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਨਾਜ਼ੁਕ ਮੁੱਦੇ 'ਤੇ ਪੰਜਾਬ ਸਰਕਾਰ ਵੱਲੋਂ ਸਕਾਰਾਤਮਕ ਕਦਮ ਚੁੱਕੇ ਜਾਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ