ਭੀਮਾ ਕੋਰੇਗਾਂਵ ਹਿੰਸਾ ਮਾਮਲਾ: ਗੌਤਮ ਨਵਲਖਾ ਨੂੰ 15 ਅਕਤੂਬਰ ਤੱਕ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ

Friday, Oct 04, 2019 - 05:34 PM (IST)

ਭੀਮਾ ਕੋਰੇਗਾਂਵ ਹਿੰਸਾ ਮਾਮਲਾ: ਗੌਤਮ ਨਵਲਖਾ ਨੂੰ 15 ਅਕਤੂਬਰ ਤੱਕ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਭੀਮਾ ਕੋਰੇਗਾਂਵ ਹਿੰਸਾ ਮਾਮਲੇ 'ਚ ਦੋਸ਼ੀ ਸਮਾਜਿਕ ਵਰਕਰ ਗੌਤਮ ਨਵਲਖਾ ਨੂੰ 15 ਅਕਤੂਬਰ ਤੱਕ ਗ੍ਰਿਫਤਾਰ ਤੋਂ ਅੰਤਰਿਮ ਰਾਹਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਪੁਲਸ ਨੂੰ ਮਾਮਲੇ ਨਾਲ ਜੁੜੇ ਦਸਤਾਵੇਜ਼ ਅਦਾਲਤ 'ਚ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ। ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਨਵਲਖਾ ਦੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ 15 ਅਕਤੂਬਰ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਦੇ ਦਿੱਤੀ ਹੈ। ਨਵਲਖਾ ਵੱਲੋਂ ਪੇਸ਼ ਅਭਿਸ਼ੇਕ ਮਨੂੰ ਸਿੰਘਵੀਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਇਹ ਰਾਹਤ ਦਿੱਤੀ ਗਈ ਅਤੇ ਮਹਾਰਾਸ਼ਟਰ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਪਟੀਸ਼ਨ ਦੇ ਖਿਲਾਫ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਨੂੰ ਉਨ੍ਹਾਂ ਸਾਹਮਣੇ ਪੇਸ਼ ਕਰਨ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 15 ਅਕਤੂਬਰ ਤਕ ਮੁਲੱਤਵੀ ਕਰ ਦਿੱਤੀ ਹੈ। 

ਇਸ ਤੋਂ ਪਹਿਲਾਂ ਇੱਕ ਵੱਖਰੇ ਮਾਮਲੇ 'ਚ ਜਸਟਿਸ ਐੱਨ. ਵੀ. ਰਮੰਨਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸਪੱਸ਼ਟ ਕੀਤਾ ਹੈ ਕਿ ਕੱਲ੍ਹ ਹੋਈ ਸੁਣਵਾਈ 'ਚ ਸਿਰਫ ਜਸਟਿਸ ਰਵਿੰਦਰ ਭੱਟ ਨੇ ਆਪਣੇ ਆਪ ਨੂੰ ਸੁਣਵਾਈ ਤੋਂ ਵੱਖਰਾ ਕੀਤਾ ਸੀ। ਚੀਫ ਜਸਟਿਸ ਰੰਜਨ ਗੰਗੋਈ ਅਤੇ ਜਸਟਿਸ ਆਰ. ਗਵਈ ਵੀ ਸੁਣਵਾਈ ਤੋਂ ਵੱਖਰੇ ਹੋ ਚੁੱਕੇ ਹਨ। ਬੰਬੇ ਹਾਈ ਕੋਰਟ ਨੇ ਭੀਮਾ ਕੋਰੇਗਾਂਵ ਹਿੰਸਾ ਅਤੇ ਮਾਓਵਾਦੀਆਂ ਦੇ ਨਾਲ ਕਥਿਤ ਤੌਰ 'ਤੇ ਜੁੜਨ ਲਈ ਨਾਗਰਿਕ ਅਧਿਕਾਰ ਵਰਕਰ ਗੌਤਮ ਨਵਲਖਾ ਖਿਲਾਫ ਦਰਜ ਮਾਮਲੇ ਨੂੰ ਖਾਰਿਜ ਕਰਨ ਤੋਂ ਇਨਕਾਰ ਕਰਦੇ ਹੋਏ ਪਿਛਲੇ ਦਿਨੀਂ ਕਿਹਾ ਸੀ ਕਿ ਮਾਮਲੇ 'ਚ ਪਹਿਲੀ ਨਜ਼ਰ 'ਚ ਤੱਥ ਦਿਸਦੇ ਹਨ। 

ਜਸਟਿਸ ਰੰਜੀਤ ਮੋਰੇ ਅਤੇ ਜਸਟਿਸ ਭਾਰਤੀ ਡਾਂਗਰੇ ਦੀ ਬੈਂਚ ਨੇ ਕਿਹਾ ਸੀ ਕਿ ਮਾਮਲੇ ਦੀ ਵਿਆਪਕਤਾ ਨੂੰ ਦੇਖਦੇ ਹੋਏ ਉਸ ਨੂੰ ਲੱਗਦਾ ਹੈ ਕਿ ਪੂਰੀ ਛਾਣਬੀਣ ਜਰੂਰੀ ਹੈ। ਬੈਂਚ ਨੇ ਕਿਹਾ ਸੀ ਕਿ ਇਹ ਬਿਨਾ ਆਧਾਰ ਅਤੇ ਸਬੂਤ ਵਾਲਾ ਮਾਮਲਾ ਨਹੀਂ ਹੈ। ਬੈਂਚ ਨੇ ਨਵਲਖਾ ਵੱਲੋਂ ਦਾਇਰ ਪਟੀਸ਼ਨ ਖਾਰਿਜ ਕਰ ਦਿੱਤੀ ਸੀ, ਜਿਨ੍ਹਾਂ ਨੇ ਜਨਵਰੀ 2018 'ਚ ਪੁਣੇ ਪੁਲਸ ਵੱਲੋਂ ਉਨ੍ਹਾਂ ਖਿਲਾਫ ਐੱਫ. ਆਈ. ਆਰ. ਨੂੰ ਖਾਰਿਜ ਕਰਨ ਦਾ ਮੰਗ ਕੀਤੀ ਸੀ। 

ਜ਼ਿਕਰਯੋਗ ਹੈ ਕਿ ਅਲਗਾਰ ਪ੍ਰੀਸ਼ਦ ਵੱਲੋਂ 31 ਦਸੰਬਰ 2017 ਨੂੰ ਪੁਣੇ ਜ਼ਿਲੇ ਦੇ ਭੀਮਾ ਕੋਰੇਗਾਂਵ 'ਚ ਪ੍ਰੋਗਰਾਮ ਦੇ ਇੱਕ ਦਿਨ ਬਾਅਦ ਕਥਿਤ ਤੌਰ 'ਤੇ ਹਿੰਸਾ ਭੜਕ ਗਈ ਸੀ। ਇਸ ਤੋਂ ਬਾਅਦ ਪੁਣੇ ਪੁਲਸ ਨੇ ਨਵਲਖਾ, ਅਰੁਣ ਫਰੇਰਾ, ਵਰਨਾਨ ਗੋਂਜ਼ਲਵਿਸ ਅਤੇ ਸੁਧਾ ਭਾਰਦਵਾਜ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਸੀ। ਮਹਾਰਾਸ਼ਟਰ ਪੁਲਸ ਨੇ ਦੋਸ਼ ਲਗਾਇਆ ਸੀ ਕਿ ਨਵਲਾਖਾ ਅਤੇ ਹੋਰਾਂ ਦੇ ਮਾਓਵਾਦੀਆਂ ਨਾਲ ਸੰਬੰਧ ਹਨ। ਇਹ ਸਾਰੇ ਦੋਸ਼ੀ ਸਰਕਾਰ ਨੂੰ ਅਸਥਿਰ ਕਰਨ ਲਈ ਮਾਓਵਾਦੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਸਾਰੇ ਦੋਸ਼ੀਆਂ ਖਿਲਾਫ ਗੈਰ ਕਾਨੂੰਨੀ ਗਤੀਵਿਧੀ ਵਿਸ਼ੇਸ਼ ਕਾਨੂੰਨ ਅਤੇ ਭਾਰਤੀ ਦੰਡ ਕੋਡ ਦੀ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। 


author

Iqbalkaur

Content Editor

Related News