ਗੌਤਮ ਗੰਭੀਰ ਨੂੰ ਪਿਛਲੇ 6 ਦਿਨਾਂ 'ਚ ਤੀਜੀ ਵਾਰ ਮਿਲੀ ਜਾਨੋ ਮਾਰਨ ਦੀ ਧਮਕੀ
Monday, Nov 29, 2021 - 09:46 AM (IST)
ਨਵੀਂ ਦਿੱਲੀ (ਭਾਸ਼ਾ)- ਸਾਬਕਾ ਕ੍ਰਿਕਟਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਗੌਤਮ ਗੰਭੀਰ ਨੂੰ ਸ਼ਨੀਵਾਰ ਦੇਰ ਰਾਤ ਕਥਿਤ ਤੌਰ ‘ਤੇ ‘ਆਈ.ਐੱਸ.ਆਈ.ਐੱਸ. ਕਸ਼ਮੀਰ’ ਵੱਲੋਂ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸੰਸਦ ਮੈਂਬਰ ਗੰਭੀਰ ਨੂੰ ਪਿਛਲੇ 6 ਦਿਨਾਂ ਵਿਚ ਤੀਜੀ ਵਾਰ ਅਜਿਹੀ ਧਮਕੀ ਮਿਲੀ ਹੈ। ਗੰਭੀਰ ਨੂੰ ਸ਼ਨੀਵਾਰ ਦੇਰ ਰਾਤ 1:37 'ਤੇ 'isiskashmir@yahoo.com' ਤੋਂ ਇਕ ਈਮੇਲ ਮਿਲੀ, ਜਿਸ ਵਿਚ ਲਿਖਿਆ ਸੀ, "ਤੁਹਾਡੀ ਦਿੱਲੀ ਪੁਲਸ ਅਤੇ ਆਈ.ਪੀ.ਐੱਸ. (ਭਾਰਤੀ ਪੁਲਸ ਸੇਵਾ) ਦੀ ਅਧਿਕਾਰੀ ਸ਼ਵੇਤਾ (ਡਿਪਟੀ ਕਮਿਸ਼ਨਰ ਆਫ਼ ਪੁਲਸ) ਕੁੱਝ ਨਹੀਂ ਉਖਾੜ ਸਕਦੀ। ਸਾਡੇ ਜਾਸੂਸ ਪੁਲਸ ਵਿਚ ਵੀ ਹਨ। ਤੁਹਾਡੇ ਬਾਰੀ ਪੂਰੀ ਜਾਣਕਾਰੀ ਮਿਲ ਰਹੀ ਹੈ।' ਇਸ ਸਬੰਧ ਵਿਚ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਈ-ਮੇਲ ਦੀ ਸਮੱਗਰੀ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੰਭੀਰ ਨੂੰ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ। ਗੰਭੀਰ ਦੇ ਨਿੱਜੀ ਸਕੱਤਰ ਗੌਤਮ ਅਰੋੜਾ ਵੱਲੋਂ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਗੰਭੀਰ ਨੂੰ ਸਭ ਤੋਂ ਪਹਿਲਾਂ ਮੰਗਲਵਾਰ ਰਾਤ 9.32 'ਤੇ ਉਨ੍ਹਾਂ ਦੀ ਅਧਿਕਾਰਤ ਈ-ਮੇਲ ਆਈ.ਡੀ. 'ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ‘ਓਮੀਕ੍ਰੋਨ’ ਦੀ ਦਹਿਸ਼ਤ ’ਚ 14 ਹੋਰ ਦੇਸ਼ਾਂ ਨੇ ਕੀਤੀ ‘ਐਂਟਰੀ ਬੈਨ’
ਇਹ ਈ-ਮੇਲ ਕਥਿਤ ਤੌਰ 'ਤੇ ਆਈ.ਐੱਸ.ਆਈ.ਐੱਸ. ਕਸ਼ਮੀਰ ਨੇ ਭੇਜੀ ਸੀ, ਜਿਸ ਵਿਚ ਲਿਖਿਆ ਸੀ, 'ਅਸੀਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਾਰ ਦੇਵਾਂਗੇ।' ਪੁਲਸ ਦੀ ਡਿਪਟੀ ਕਮਿਸ਼ਨਰ (ਕੇਂਦਰੀ) ਸ਼ਵੇਤਾ ਚੌਹਾਨ ਨੇ ਕਿਹਾ ਸੀ, 'ਸ਼ਿਕਾਇਤ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਸ ਨੇ ਗੰਭੀਰ ਦੀ ਨਿੱਜੀ ਸੁਰੱਖਿਆ ਅਤੇ ਉਨ੍ਹਾਂ ਦੇ ਰਾਜੇਂਦਰ ਨਗਰ ਖੇਤਰ ਵਿਚ ਸਥਿਤ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।' ਇਸ ਤੋਂ ਤੁਰੰਤ ਬਾਅਦ ਪੁਲਸ ਦੇ ਸਪੈਸ਼ਲ ਸੈੱਲ ਨੇ ਗੂਗਲ ਨੂੰ ਪੱਤਰ ਲਿਖ ਕੇ ਉਸ ਈ-ਮੇਲ ਆਈਡੀ ਦੇ ਆਪਰੇਟਰ ਸਮੇਤ ਸੰਬੰਧਿਤ ਜਾਣਕਾਰੀ ਮੰਗੀ, ਜਿਸ ਤੋਂ ਕਥਿਤ ਧਮਕੀ ਭਰੀ ਮੇਲ ਭੇਜੀ ਗਈ ਸੀ। ਪੁਲਸ ਨੇ ਦੱਸਿਆ ਕਿ ਪੁਲਸ ਡਿਪਟੀ ਕਮਿਸ਼ਨਰ ਨੂੰ ਫੋਨ 'ਤੇ ਸੂਚਿਤ ਕੀਤਾ ਗਿਆ ਕਿ ਗੰਭੀਰ ਨੂੰ ਬੁੱਧਵਾਰ ਦੁਪਹਿਰ 2:32 'ਤੇ ਉਸੇ ਈ-ਮੇਲ ਆਈ.ਡੀ. ਤੋਂ ਦੂਜੀ ਵਾਰ ਧਮਕੀ ਦਿੱਤੀ ਗਈ। ਸ਼ਿਕਾਇਤਕਰਤਾ ਨੇ ਕਿਹਾ ਕਿ ਦੂਜੀ ਈ-ਮੇਲ ਵਿਚ ਗੰਭੀਰ ਦੇ ਘਰ ਦੀ ਇਕ ਵੀਡੀਓ ਵੀ ਸ਼ਾਮਲ ਸੀ। ਦੂਜੀ ਈ-ਮੇਲ 'ਚ ਲਿਖਿਆ, 'ਅਸੀਂ ਤੁਹਾਨੂੰ ਜਾਨੋ ਮਾਰਨਾ ਚਾਹੁੰਦੇ ਸੀ ਪਰ ਤੁਸੀਂ ਕੱਲ੍ਹ ਬਚ ਗਏ। ਜੇਕਰ ਤੁਹਾਨੂੰ ਆਪਣੇ ਪਰਿਵਾਰ ਦੀ ਜ਼ਿੰਦਗੀ ਪਿਆਰੀ ਹੈ, ਤਾਂ ਰਾਜਨੀਤੀ ਅਤੇ ਕਸ਼ਮੀਰ ਦੇ ਮਾਮਲਿਆਂ ਤੋਂ ਦੂਰ ਰਹੋ।'
ਇਹ ਵੀ ਪੜ੍ਹੋ : ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਮਿਲੇਗਾ 3 ਅਰਬ ਡਾਲਰ ਦਾ ਕਰਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।