'ਗਰੀਬ ਕਲਿਆਣ ਰੁਜ਼ਗਾਰ ਯੋਜਨਾ' ਦੀ ਸ਼ੁਰੂਆਤ, 116 ਜ਼ਿਲ੍ਹਿਆਂ ਦੇ ਪ੍ਰਵਾਸ਼ੀ ਮਜ਼ਦੂਰਾਂ ਨੂੰ ਮਿਲੇਗਾ ਰੁਜ਼ਗਾਰ

06/20/2020 2:51:05 PM

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੂੱਜੇ ਸੂਬਿਆਂ ਤੋਂ ਪਰਤ ਕੇ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਦੇ ਆਸ-ਪਾਸ ਹੀ ਰੋਜ਼ਗਾਰ ਦੇਣ ਲਈ 50,000 ਕਰੋੜ ਰੁਪਏ ਦੀ ਲਾਗਤ ਨਾਲ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਦੀ ਸ਼ੁਰੂਆਤ ਕੀਤੀ। ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਬੇਲਦੌਰ ਪ੍ਰਖੰਡ ਦੇ ਤੇਲਿਹਾਰ ਪਿੰਡ ਤੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਮਕਸਦ ਵਾਪਸ ਆਏ ਪ੍ਰਵਾਸੀ ਮਜ਼ਦੂਰਾਂ ਅਤੇ ਪਿੰਡ ਦੇ ਲੋਕਾਂ ਨੂੰ ਮਜ਼ਬੂਤ ਬਣਾਉਣਾ, ਸਥਾਨਕ ਪੱਧਰ 'ਤੇ ਵਿਕਾਸ ਨੂੰ ਰਫ਼ਤਾਰ ਦੇਣਾ ਅਤੇ ਰੋਜ਼ੀ-ਰੋਟੀ ਦੇ ਮੌਕੇ ਪ੍ਰਦਾਨ ਕਰਨਾ ਹੈ। ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ 6 ਸੂਬਿਆਂ ਬਿਹਾਰ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼,  ਰਾਜਸਥਾਨ, ਝਾਰਖੰਡ ਅਤੇ ਉੜੀਸ਼ਾ ਦੇ 116 ਜ਼ਿਲ੍ਹਿਆਂ ਵਿਚ ਲਾਗੂ ਹੋਵੇਗੀ ਅਤੇ ਇਸ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਦੇ ਆਸ-ਪਾਸ ਹੀ ਰੋਜ਼ਗਾਰ ਮਿਲੇਗਾ। ਇਹ ਯੋਜਨਾ ਅਜਿਹੇ ਸਮੇਂ ਸ਼ੁਰੂ ਕੀਤੀਆਂ ਗਈ ਹੈ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਅਤੇ ਤਾਲਾਬੰਦੀ ਕਾਰਨ ਲੱਖਾਂ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਕੰਮਕਾਜ ਤੋਂ ਹੱਥ ਧੋਣੇ ਪਏ ਅਤੇ ਉਹ ਆਪਣੇ ਪਿੰਡਾਂ ਨੂੰ ਪਰਤਣ ਨੂੰ ਮਜਬੂਰ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ, 'ਇਸ ਯੋਜਨਾ 'ਤੇ ਕੁੱਲ 50,000 ਕਰੋੜ ਰੁਪਏ ਦਾ ਖ਼ਰਚ ਆਵੇਗਾ। ਇਸ ਯੋਜਨਾ ਜ਼ਰੀਏ ਗ੍ਰਾਮ ਪੰਚਾਇਤ ਭਵਨ ਅਤੇ ਆਂਗਨਵਾੜੀ ਕੇਂਦਰ, ਰਾਸ਼ਟਰੀ ਰਾਜ ਮਾਰਗ, ਰੇਲਵੇ ਅਤੇ ਪਾਣੀ ਦੇ ਬਚਾਅ ਵਰਗੇ ਵੱਖ-ਵੱਖ ਤਰ੍ਹਾਂ ਦੇ 25 ਕੰਮਾਂ ਨੂੰ ਲਾਗੂ ਕੀਤਾ ਜਾਏਗਾ। ਦੇਸ਼ ਦੇ ਪੇਂਡੂ ਖੇਤਰਾਂ ਵਿਚ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ, 'ਇਹ ਸਾਡੀ ਕੋਸ਼ਿਸ਼ ਹੈ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਦੇ ਕੋਲ ਹੀ ਕੰਮ ਮਿਲੇ, ਹੁਣ ਤੱਕ ਤੁਸੀਂ ਸ਼ਹਿਰਾਂ ਦਾ ਵਿਕਾਸ ਕਰ ਰਹੇ ਸੀ, ਹੁਣ ਤੁਸੀ ਆਪਣੇ ਪਿੰਡਾਂ ਦੀ ਮਦਦ ਕਰੋਗੇ।' ਮੋਦੀ ਨੇ ਕਿਹਾ ਕਿ ਇਸ ਯੋਜਨਾ ਨਾਲ ਮਜ਼ਦੂਰਾਂ ਦੇ ਸਨਮਾਨ ਦੀ ਰੱਖਿਆ ਹੋਵੇਗੀ ਅਤੇ ਪਿੰਡਾਂ ਦੇ ਵਿਕਾਸ ਨੂੰ ਰਫ਼ਤਾਰ ਮਿਲੇਗੀ। ਇਹ ਅਭਿਆਨ 12 ਵੱਖ-ਵੱਖ ਮੰਤਰਾਲਿਆਂ/ਵਿਭਾਗਾਂ- ਪੇਂਡੂ ਵਿਕਾਸ, ਪੰਚਾਇਤੀ ਰਾਜ, ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ, ਖਦਾਨ,  ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ, ਵਾਤਾਵਰਣ, ਰੇਲਵੇ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਨਵੀਂ ਅਤੇ ਨਵਿਆਉਣਯੋਗ ਊਰਜਾ, ਸਰਹੱਦੀ ਸੜਕਾਂ, ਦੂਰਸੰਚਾਰ ਅਤੇ ਖੇਤੀਬਾੜੀ ਲਈ ਇਕ ਤਾਲਮੇਲ ਕੋਸ਼ਿਸ਼ ਕੀਤੀ ਜਾਏਗੀ। ਇਸ ਤੋਂ ਪਹਿਲਾਂ ਉਨ੍ਹਾਂਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਲੱਦਾਖ ਗਤੀਰੋਧ 'ਤੇ ਕਿਹਾ ਕਿ ਹਰ ਕਿਸੇ ਨੂੰ ਬਿਹਾਰ ਰੈਜ਼ੀਮੈਂਟ ਦੀ ਬਹਾਦਰੀ 'ਤੇ ਮਾਣ ਹੈ। ਇਸ ਮੌਕੇ 'ਤੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਅਤੇ ਹੋਰ ਸਬੰਧਤ ਸੂਬਿਆਂ ਦੇ ਮੁੱਖ ਮੰਤਰੀ ਮੌਜੂਦ ਸਨ।


cherry

Content Editor

Related News