ਦਾਊਦ ਨਾਲ ਗੈਂਗਸਟਰ ਹਾਜੀ ਸਲੀਮ ਦਾ ਕਨੈਕਸ਼ਨ, LTTE ਨੂੰ ਮੁੜ ਕਰ ਰਿਹੈ ਜ਼ਿੰਦਾ
Monday, Jun 26, 2023 - 12:07 PM (IST)
ਨੈਸ਼ਨਲ ਡੈਸਕ- ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਕਰੀਬੀ ਪਾਕਿਸਤਾਨੀ ਗੈਂਗਸਟਰ ਹਾਜੀ ਸਲੀਮ ਇਕ ਵਾਰ ਮੁੜ ਐੱਲ.ਟੀ.ਟੀ.ਈ. ਨੂੰ ਜ਼ਿੰਦਾ ਕਰਨ ਦੀ ਫਿਰਾਕ 'ਚ ਹੈ। ਪਾਕਿਸਤਾਨ ਦੇ ਕਰਾਚੀ ਦਾ ਰਹਿਣ ਵਾਲਾ ਗੈਂਗਸਟਰ ਹਾਜੀ ਭਾਰਤ ਅਤੇ ਸ਼੍ਰੀਲੰਕਾ 'ਚ ਵੱਡੇ ਪੈਮਾਨੇ 'ਤੇ ਡਰੱਗਸ ਅਤੇ ਹਥਿਆਰਾਂ ਦੀ ਤਸਕਰੀ ਦੇ ਮਾਧਿਅਮ ਨਾਲ ਵਿਦ੍ਰੋਹੀ ਸੰਗਠਨ ਲਿਬਰੇਸ਼ਨ ਟਾਈਗਰਜ਼ ਆਫ਼ ਤਮਿਲ ਈਲਮ (ਐੱਲ.ਟੀ.ਟੀ.ਈ.) ਨੂੰ ਮੁੜ ਖੜ੍ਹਾ ਕਰਨ 'ਚ ਲੱਗਾ ਹੋਇਆ ਹੈ। ਭਾਰਤੀ ਏਜੰਸੀਆਂ ਦੀ ਉਸ 'ਤੇ ਪੈਨੀ ਨਜ਼ਰ ਹੈ। ਇਕ ਸੂਤਰ ਨੇ ਦੱਸਿਆ ਕਿ ਪਾਕਿਸਤਾਨ ਦੀ ਜਾਸੂਸ ਏਜੰਸੀ ਇੰਟਰ-ਸਰਵਿਸੇਜ਼ ਇੰਟੈਂਲੀਜੈਂਸ (ਆਈ.ਐੱਸ.ਆਈ.) ਦੇ ਸਰਗਰਮ ਸਮਰਥਨ ਨਾਲ ਪਾਕਿਸਤਾਨ ਅਤੇ ਹਿੰਦ ਮਹਾਸਾਗਰ 'ਚ ਕਰੋੜਾਂ ਡਾਲਰਜ਼ ਦਾ ਡਰੱਗ ਨੈੱਟਵਰਕ ਚੱਲ ਰਿਹਾ ਹੈ, ਜਿਸ ਦੇ ਪਿੱਛੇ ਦਾਊਦ ਦਾ ਦਿਮਾਗ਼ ਮੰਨਿਆ ਜਾਂਦਾ ਹੈ। ਏਜੰਸੀਆਂ ਨੇ ਹਾਜੀ ਨੂੰ ਹਮੇਸ਼ਾ ਕਰਾਚੀ 'ਚ ਕਲਿਫਟਨ ਰੋਡ ਸਥਿਤ ਦਾਊਦ ਦੇ ਘਰ ਦੇਖਿਆ ਹੈ ਅਤੇ ਇਹ ਸ਼ੱਕ ਜਤਾਇਆ ਹੈ ਕਿ ਦੋਵੇਂ ਤਸਕਰੀ ਲਈ ਇਕ-ਦੂਜੇ ਦੇ ਸਰੋਤਾਂ ਦਾ ਉਪਯੋਗ ਕ ਰਹੇ ਹਨ। ਭਾਰਤ ਦੀਆਂ ਤਿੰਨ-ਤਿੰਨ ਏਜੰਸੀਆਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.), ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਅਤੇ ਮਾਲੀਆ ਅਤੇ ਖੁਫ਼ੀਆ ਡਾਇਰੈਕਟੋਰੇਟ (ਡੀ.ਆਰ.ਆਈ.) ਸਲੀਮ ਦੇ ਨਾਲ-ਨਾਲ ਇਬਰਾਹਿਮ ਦੀ ਡੀ-ਕੰਪਨੀ ਦੇ ਭਾਰਤੀ ਸੰਪਰਕਾਂ ਦੀ ਪਛਾਣ ਕਰਨ ਅਤੇ ਉਸ ਦੇ ਪੂਰੇ ਅਪਰਾਧਕ ਨੈੱਟਵਰਕ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ। ਪਿਛਲੇ ਮਹੀਨੇ ਇਕ ਜੁਆਇੰਟ ਆਪਰੇਸ਼ਨ 'ਚ ਐੱਨ.ਸੀ.ਬੀ. ਅਤੇ ਜਲ ਸੈਨਾ ਨੇ ਹਿੰਦ ਮਹਾਸਾਗਰ 'ਚ ਇਕ ਮਦਰ ਸ਼ਿਪ ਨੂੰ ਰੋਕ ਕੇ 12 ਹਜ਼ਾਰ ਕਰੋੜ ਰੁਪਏ ਦੇ ਮੁੱਲ ਦੀ 2500 ਕਿਲੋਗ੍ਰਾਾਮ ਉੱਚ ਸ਼ੁੱਧਤਾ ਵਾਲੀ ਮੇਥਮਫੇਟਾਮਾਈਨ ਜ਼ਬਤ ਕੀਤੀ ਸੀ।
ਤਸਕਰੀ ਦੀ ਇਹ ਖੇਪ ਡੈੱਥ ਕ੍ਰਿਸੇਂਟ (ਈਰਾਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਤਸਕਰੀ ਦੇ ਮਾਰਗ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਗੜ੍ਹਿਆ ਇਕ ਸ਼ਬਦ) ਤੋਂ ਆ ਰਹੀ ਸੀ ਅਤੇ ਬਲੂਚਿਸਤਾਨ ਪ੍ਰਾਂਤ 'ਚ ਮਕਰਾਨ ਤੱਟ ਤੋਂ ਸਮੁੰਦਰ ਦੇ ਰਸਤੇ ਭੇਜੀ ਗਈ ਸੀ। ਏਜੰਸੀ ਅਨੁਸਾਰ ਪਿਛਲੇ ਸਾਲ ਦਸੰਬਰ 'ਚ ਅਲ-ਸੋਹੇਲੀ ਨਾਮੀ ਕਿਸ਼ਤੀ ਦੀ ਵਰਤੋਂ ਕਰ ਕੇ 40 ਕਿਲੋਗ੍ਰਾਮ ਹੈਰੋਇਨ ਅਤੇ ਪਿਸਤੌਲ ਦੀ ਤਸਕਰੀ 'ਚ ਸ਼ੁੱਕਰਵਾਰ ਨੂੰ ਦੋਸ਼ ਪੱਤਰ 'ਚ ਸਲੀਮ ਦਾ ਨਾਮ ਵੀ ਸ਼ਾਮਲ ਹੈ। ਇਸ ਮਾਮਲੇ 'ਚ ਗੁਜਰਾਤ ਅੱਤਵਾਦ ਵਿਰੋਧੀ ਦਸਤੇ ਨੇ 10 ਪਾਕਿਸਤਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅਜਿਹਾ ਅਨੁਮਾਨ ਹੈ ਕਿ ਭਾਰਤ 'ਚ ਕੁੱਲ ਨਸ਼ੀਲੇ ਪਦਾਰਥਾਂ ਦੀ 70 ਫੀਸਦੀ ਤਸਕਰੀ ਸਮੁੰਦਰੀ ਮਾਰਗਾਂ ਤੋਂ ਹੁੰਦੀ ਹੈ ਅਤੇ ਜ਼ਿਆਦਾਤਰ ਖੇਪ ਦੇ ਪਿੱਛੇ ਹਾਜੀ ਸਲੀਮ ਦਾ ਹੀ ਨੈੱਟਵਰਕ ਹੈ।