ਭਲਕੇ ਖੁੱਲ੍ਹਣਗੇ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਿਵਾੜ, ਸ਼ੁਰੂ ਹੋ ਜਾਵੇਗੀ ਯਾਤਰਾ
Monday, May 06, 2019 - 06:06 PM (IST)

ਦੇਹਰਾਦੂਨ (ਭਾਸ਼ਾ)— ਮੰਗਲਵਾਰ ਨੂੰ ਗੰਗੋਤਰੀ ਅਤੇ ਯਮੁਨੋਤਰੀ ਮੰਦਰ ਦੇ ਕਿਵਾੜ ਖੁੱਲ੍ਹਣ ਨਾਲ ਹੀ ਉੱਤਰਾਖੰਡ ਦੇ ਉੱਚ ਹਿਮਾਲਿਆ ਖੇਤਰ ਵਿਚ ਸਥਿਤ ਚਾਰ ਧਾਮਾਂ ਦੀ ਯਾਤਰਾ ਸ਼ੁਰੂ ਹੋ ਜਾਵੇਗੀ। ਕੇਦਾਰਨਾਥ ਧਾਮ ਦੇ ਕਿਵਾੜ ਜਿੱਥੇ 9 ਮਈ ਨੂੰ ਖੁੱਲ੍ਹਣਗੇ, ਉੱਥੇ ਹੀ ਬਦਰੀਨਾਥ ਮੰਦਰ ਦੇ ਕਿਵਾੜ 10 ਮਈ ਨੂੰ ਖੁੱਲ੍ਹਣਗੇ। ਉੱਤਰਕਾਸ਼ੀ ਜ਼ਿਲੇ ਵਿਚ ਸਥਿਤ ਗੰਗੋਤਰੀ ਮੰਦਰ ਦੇ ਕਿਵਾੜ ਕੱਲ ਭਾਵ ਮੰਗਲਵਾਰ ਦੀ ਸਵੇਰ ਨੂੰ 11:30 ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ, ਜਦਕਿ ਯਮੁਨੋਤਰੀ ਧਾਮ ਦੇ ਕਿਵਾੜ ਦੁਪਹਿਰ 1:15 'ਤੇ ਖੋਲ੍ਹੇ ਜਾਣਗੇ।
ਇਸ ਦਰਮਿਆਨ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਦੇਸ਼-ਵਿਦੇਸ਼ ਤੋਂ ਚਾਰ ਧਾਮ ਦੀ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਦਾ ਸੂਬੇ ਵਿਚ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਹਰ ਸਹੂਲਤ ਅਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉੱਤਰਾਖੰਡ ਚਾਰ ਧਾਮ ਦੀ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਸਵਾਗਤ ਲਈ ਤਿਆਰ ਹੈ। ਕੇਦਾਰਨਾਥ ਧਾਮ ਵਿਚ ਲੱਗਭਗ 3,000 ਯਾਤਰੀਆਂ ਦੇ ਠਹਿਰਣ ਦੀ ਵਿਵਸਥਾ ਹੈ। ਹਰ ਸਾਲ ਅਪ੍ਰੈਲ-ਮਈ 'ਚ ਚਾਰ ਧਾਮ ਯਾਤਰਾ ਦੇ ਸ਼ੁਰੂ ਹੋਣ ਦੀ ਸਥਾਨਕ ਜਨਤਾ ਨੂੰ ਵੀ ਉਡੀਕ ਰਹਿੰਦੀ ਹੈ। ਸਰਦੀਆਂ ਵਿਚ ਭਾਰੀ ਬਰਫਬਾਰੀ ਅਤੇ ਠੰਡ ਦੀ ਲਪੇਟ ਵਿਚ ਰਹਿਣ ਕਾਰਨ ਚਾਰ ਧਾਮ ਦੇ ਕਿਵਾੜ ਹਰ ਸਾਲ ਅਕਤੂਬਰ-ਨਵੰਬਰ 'ਚ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਜਾਂਦੇ ਹਨ, ਜੋ ਅਗਲੇ ਸਾਲ ਅਪ੍ਰੈਲ-ਮਈ ਵਿਚ ਮੁੜ ਖੋਲ੍ਹ ਦਿੱਤੇ ਜਾਂਦੇ ਹਨ।