ਯਮੁਨਾ ’ਚ ਗੇਲ ਇੰਡੀਆ ਦੀ ਗੈਸ ਪਾਈਪਲਾਈਨ ਫਟੀ, ਧਮਾਕੇ ਕਾਰਨ ਦਹਿਸ਼ਤ
Saturday, Aug 16, 2025 - 10:05 PM (IST)

ਬਾਗਪਤ- ਯੂ. ਪੀ. ’ਚ ਬਾਗਪਤ ਜ਼ਿਲੇ ਦੇ ਮਾਵਿਕਲਨ ਪਿੰਡ ਦੇ ਯਮੁਨਾ ਖੇਤਰ ’ਚ ਸ਼ਨੀਵਾਰ ਸਵੇਰੇ ਗੇਲ ਇੰਡੀਆ ਦੀ ਜ਼ਮੀਨ ਹੇਠਲੀ ਗੈਸ ਪਾਈਪਲਾਈਨ ਜ਼ੋਰਦਾਰ ਧਮਾਕੇ ਨਾਲ ਫਟ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਪਿੰਡਾਂ ’ਚ ਦਹਿਸ਼ਤ ਫੈਲ ਗਈ।
ਇਲਾਕੇ ਦੇ ਲੋਕਾਂ ਵੱਲੋਂ ਦੱਸਣ ਅਨੁਸਾਰ ਧਮਾਕੇ ਤੋਂ ਬਾਅਦ ਦਰਿਅਆ ’ਚੋਂ 30-35 ਫੁੱਟ ਉੱਚੀਆਂ ਲਹਿਰਾਂ ਉੱਠੀਆਂ। ਸੂਚਨਾ ਮਿਲਣ ’ਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਗੇਲ ਇੰਡੀਆ ਦੇ ਇੰਜੀਨੀਅਰ ਮੌਕੇ ’ਤੇ ਪਹੁੰਚੇ ਤੇ ਗੈਸ ਦੀ ਸਪਲਾਈ ਤੁਰੰਤ ਬੰਦ ਕਰ ਦਿੱਤੀ। ਇਸ ਤੋਂ ਬਾਅਦ ਸਥਿਤੀ ਕਾਬੂ ’ਚ ਆ ਗਈ।
ਗੇਲ ਦੀ ਇਹ ਪਾਈਪਲਾਈਨ ਗੌਨਾ ਪਿੰਡ ਤੋਂ ਦਿੱਲੀ ਦੇ ਬਵਾਨਾ ਉਦਯੋਗਿਕ ਖੇਤਰ ਨੂੰ ਕੁਦਰਤੀ ਗੈਸ ਸਪਲਾਈ ਕਰਦੀ ਹੈ। ਘਟਨਾ ਸਮੇਂ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਨੇ ਪੁਲਸ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸ਼ਨੀਵਾਰ ਰਾਤ ਤਕ ਪਾਈਪਲਾਈਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ।