‘ਹਾਈਵੇਅ ਮੈਨ’ ਨਿਤਿਨ ਗਡਕਰੀ ਨੂੰ 5 ਲੱਖ ਤੋਂ ਵੱਧ ਵੋਟਾਂ ਨਾਲ ਜਿੱਤਣ ਦੀ ਉਮੀਦ

Saturday, Apr 13, 2024 - 12:39 PM (IST)

ਜਲੰਧਰ, (ਜ.ਬ.)- ‘ਹਾਈਵੇਅ ਮੈਨ’ ਦੇ ਨਾਂ ਨਾਲ ਮਸ਼ਹੂਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਪਣੀ ਤੀਜੀ ਲੋਕ ਸਭਾ ਚੋਣ 5 ਲੱਖ ਤੋਂ ਵੱਧ ਵੋਟਾਂ ਨਾਲ ਜਿੱਤਣ ਦਾ ਟੀਚਾ ਰੱਖਿਆ ਹੈ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਗੜ੍ਹ ਨਾਗਪੁਰ ’ਚ ਕਾਂਗਰਸ ਦੇ ਵਿਧਾਇਕ ਵਿਕਾਸ ਠਾਕਰੇ ਨਾਲ ਹੋਵੇਗਾ। ਉਨ੍ਹਾਂ ਦੇ ਸਮਰਥਕਾਂ ਨੂੰ ਉਮੀਦ ਹੈ ਕਿ ਉਹ 2024 ਤੋਂ ਬਾਅਦ ਦੇਸ਼ ’ਚ ਵੱਡੀ ਰਾਸ਼ਟਰੀ ਭੂਮਿਕਾ ਨਿਭਾਉਣ ਵਾਲੇ ਹਨ। ਗਡਕਰੀ ਨੇ 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਹਵਾਲਾ ਦਿੰਦੇ ਹੋਏ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਸ ਵਾਰ ਉਹ ਉਨ੍ਹਾਂ ਨੂੰ 5 ਲੱਖ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਲੋਕ ਸਭਾ ’ਚ ਭੇਜਣ।

ਕਾਂਗਰਸ ਦੇ ਸਭ ਤੋਂ ਪੁਰਾਣੇ ਗੜ੍ਹ ਨੂੰ ਢਾਹਿਆ ਸੀ

ਨਾਗਪੁਰ ਲੋਕ ਸਭਾ ਚੋਣ ਹਲਕਾ ਇਤਿਹਾਸਕ ਤੌਰ ’ਤੇ ਕਾਂਗਰਸ ਪਾਰਟੀ ਦਾ ਗੜ੍ਹ ਰਿਹਾ ਹੈ। 1977 ਦੇ ਬਾਅਦ ਤੋਂ ਕਾਂਗਰਸ ਨੇ 9 ਵਾਰ ਨਾਗਪੁਰ ਲੋਕ ਸਭਾ ਸੀਟ ’ਤੇ ਕਬਜ਼ਾ ਕੀਤਾ ਹੈ। ਜਿਥੇ ਰਾਮ ਮੰਦਰ ਮੁੱਦੇ ਦੇ ਸੁਰਖੀਆਂ ’ਚ ਰਹਿਣ ਵਿਚਾਲੇ 1996 ’ਚ ਭਾਜਪਾ ਦੇ ਬਨਵਾਰੀ ਲਾਲ ਪੁਰੋਹਿਤ ਇਸ ਸੀਟ ’ਤੇ ਜਿੱਤ ਹਾਸਲ ਕਰਨ ’ਚ ਸਫਲ ਰਹੇ ਸਨ, ਉਥੇ ਕਾਂਗਰਸ ਨੇ ਆਪਣਾ ਦਬਦਬਾ ਫਿਰ ਤੋਂ ਹਾਸਲ ਕਰ ਲਿਆ ਸੀ ਅਤੇ ਅਗਲੇ 4 ਕਾਰਜਕਾਲ ਤੱਕ ਇਸ ਸੀਟ ’ਤੇ ਕਬਜ਼ਾ ਬਣਾਈ ਰੱਖਿਆ। 2014 ’ਚ ਨਿਤਿਨ ਗਡਕਰੀ ਨੇ 4 ਵਾਰ ਦੇ ਮੌਜੂਦਾ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸ ਨੇਤਾ ਵਿਲਾਸ ਮੁੱਤੇਮਵਾਰ ਨੂੰ 54.17 ਫੀਸਦੀ ਵੋਟਾਂ ਨਾਲ ਹਰਾ ਕੇ ਕਾਂਗਰਸ ਦੇ ਗੜ੍ਹ ਨੂੰ ਢਾਹ ਦਿੱਤਾ ਸੀ। ਮੁੱਤੇਮਵਾਰ ਨੂੰ ਸਿਰਫ 27.92 ਫੀਸਦੀ ਵੋਟਾਂ ਮਿਲੀਆਂ ਸਨ। ਗਡਕਰੀ ਨੇ 2019 ’ਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਅਤੇ ਆਪਣਾ ਵੋਟ ਫੀਸਦੀ 55.61 ਤੱਕ ਵਧਾਇਆ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਨਾਨਾ ਪਟੋਲੇ ਨੂੰ ਹਰਾਇਆ, ਜਿਨ੍ਹਾਂ ਨੂੰ 37.42 ਫੀਸਦੀ ਵੋਟਾਂ ਹੀ ਮਿਲੀਆਂ ਸਨ।

ਸਭ ਤੋਂ ਘੱਟ ਉਮਰ ਦੇ ਰਹੇ ਭਾਜਪਾ ਰਾਸ਼ਟਰੀ ਪ੍ਰਧਾਨ

ਸੂਬੇ ਦੀ ਸਿਆਸਤ ’ਚ ਵੱਖ-ਵੱਖ ਭੂਮਿਕਾਵਾਂ ਨਿਭਾਉਣ ਤੋਂ ਬਾਅਦ ਗਡਕਰੀ 2009 ’ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬਣੇ ਸਨ। ਇਕ ਰਿਪੋਰਟ ਅਨੁਸਾਰ 52 ਸਾਲਾਂ ਦੀ ਉਮਰ ’ਚ ਇਹ ਅਹੁਦਾ ਸੰਭਾਲਣ ਵਾਲੇ ਉਹ ਸਭ ਤੋਂ ਘੱਟ ਉਮਰ ਦੇ ਵਿਅਕਤੀ ਸਨ। ਹਾਲਾਂਕਿ 2013 ’ਚ ਉਨ੍ਹਾਂ ਦੇ ਕਾਰਜਕਾਲ ’ਚ ਕਟੌਤੀ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਨ੍ਹਾਂ ਚੋਣਾਂ ’ਚ ਉਨ੍ਹਾਂ ਦੀ ਟਿਕਟ ਕੱਟੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਉਹ ਵੀ ਅਜਿਹੇ ਸਮੇਂ ’ਚ ਜਦ ਆਰ. ਐੱਸ. ਐੱਸ. ’ਚ ਨਿਤਿਨ ਗਡਕਰੀ ਦੇ ਸਮਰਥਕ ਅਤੇ ਸਲਾਹਕਾਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਲਈ ਇਕ ਮਹੱਤਵਪੂਰਨ ਭੂਮਿਕਾ ਦੀ ਕਲਪਨਾ ਕਰ ਰਹੇ ਹਨ। ਫਿਲਹਾਲ ਸਾਰੀਆਂ ਸਿਆਸੀ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਗਡਕਰੀ ਹੁਣ ਚੋਣ ਮੈਦਾਨ ’ਚ ਹਨ ਅਤੇ ਉਨ੍ਹਾਂ ਦੇ ਸਮਰਥਕ ਸਿਆਸੀ ਮੰਚ ’ਤੇ ਆਪਣੀ ਪੂਰੀ ਸਮਰਥਾ ਦਿਖਾਉਣ ਲਈ ਉਤਸੁਕ ਹਨ।

ਨਿਤਿਨ ਗਡਕਰੀ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ’ਚ ਰਹਿੰਦੇ ਹਨ। ਮੀਡੀਆ ਨੂੰ ਦਿੱਤੀ ਗਈ ਇਕ ਇੰਟਰਵਿਊ ’ਚ ਉਨ੍ਹਾਂ ਨੇ ਸਿਆਸਤ ’ਚ ਆਉਣ ਦਾ ਕਾਰਨ ਦੱਸਦੇ ਹੋਏ ਕਿਹਾ ਸੀ ਕਿ ਦੇਸ਼ ’ਚ ਐਮਰਜੈਂਸੀ ਲਾਗੂ ਹੋਣ ਦੇ ਕਾਰਨ ਉਨ੍ਹਾਂ ਨੇ ਸਿਆਸਤ ’ਚ ਕਦਮ ਰੱਖਿਆ ਸੀ। ਉਨ੍ਹਾਂ ਕਿਹਾ ਕਿ ਉਹ ਦੇਸ਼ ’ਚ ਲਗਾਈ ਗਈ ਐਮਰਜੈਂਸੀ ਵਿਰੁੱਧ 2 ਸਾਲਾਂ ਤੱਕ ਕੀਤੇ ਸੰਘਰਸ਼ ਨੂੰ ਨਹੀਂ ਭੁੱਲਣਗੇ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਵੀ ਜੇਲ ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੇਰੇ ਸਿਆਸਤ ’ਚ ਆਉਣ ਦਾ ਕਾਰਨ ਵੀ ਦੇਸ਼ ’ਚ ਐਮਰਜੈਂਸੀ ਲਾਗੂ ਹੋਣਾ ਹੀ ਸੀ।


Rakesh

Content Editor

Related News