ਨਿਤਿਨ ਗਡਕਰੀ ਭਲਕੇ ਹਰਿਆਣਾ ਨੂੰ ਦੇਣਗੇ 3700 ਕਰੋੜ ਰੁਪਏ ਦੇ ਸੜਕ ਪ੍ਰਾਜੈਕਟਾਂ ਦਾ ਤੋਹਫ਼ਾ
Monday, Jun 19, 2023 - 06:28 PM (IST)
ਹਰਿਆਣਾ (ਵਾਰਤਾ)- ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ 20 ਜੂਨ ਨੂੰ ਸੂਬੇ ਨੂੰ ਕਰੀਬ 3700 ਕਰੋੜ ਰੁਪਏ ਦੇ ਵੱਖ-ਵੱਖ ਵੱਡੇ ਸੜਕ ਪ੍ਰਾਜੈਕਟਾਂ ਦਾ ਤੋਹਫ਼ਾ ਦੇਣਗੇ। ਚੌਟਾਲਾ ਨੇ ਕਿਹਾ ਕਿ ਗਡਕਰੀ ਦੁਪਹਿਰ 11 ਵਜੇ ਸੋਨੀਪਤ 'ਚ ਦਿੱਲੀ ਤੋਂ ਪਾਨੀਪਤ ਤੱਕ 8 ਲੇਨ ਦੇ ਰਾਸ਼ਟਰੀ ਰਾਜਮਾਰਗ 'ਤੇ 11 ਫਲਾਈਓਵਰਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ 'ਤੇ ਕਰੀਬ 900 ਕਰੋੜ ਰੁਪਏ ਲਾਗਤ ਆਈ ਹੈ। ਇਸ ਤੋਂ ਬਾਅਦ ਉਹ ਦੁਪਹਿਰ 3.30 ਵਜੇ ਕਰਨਾਲ ਜ਼ਿਲ੍ਹੇ ਦੇ ਕੁਟੈਲ ਪਿੰਡ 'ਚ ਗ੍ਰੀਨ ਫੀਲਡ 6 ਲੇਨ ਰਿੰਗ ਰੋਡ ਪ੍ਰਾਜੈਕਟ ਦਾ ਉਦਘਾਟਨ ਕਰਨਗੇ।
ਇਹ ਪ੍ਰਾਜੈਕਟ ਕੁੱਲ 35 ਕਿਲੋਮੀਟਰ ਲੰਬਾ ਹੈ ਅਤੇ ਇਸ 'ਤੇ ਕਰੀਬ 1700 ਕਰੋੜ ਰੁਪਏ ਦੀ ਲਾਗਤ ਆਏਗੀ। ਇਸੇ ਦਿਨ ਸ਼ਾਮ 5.30 ਵਜੇ ਉਹ ਅੰਬਾਲਾ ਜ਼ਿਲ੍ਹੇ ਦੇ ਜੰਡਲੀ ਪਿੰਡ 'ਚ ਗ੍ਰੀਨ ਫੀਲਡ ਸਿਕਸ ਲੇਨ ਰਿੰਗ ਰੋਡ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਪ੍ਰਾਜੈਕਟ ਦੀ ਕੁੱਲ ਲੰਬਾਈ 23 ਕਿਲੋਮੀਟਰ ਹੈ ਅਤੇ ਇਸ 'ਤੇ ਕੁੱਲ 1100 ਕਰੋੜ ਰੁਪਏ ਦੀ ਲਾਗਤ ਆਏਗੀ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੜਕ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਬਣਾ ਰਹੀ ਹੈ। ਇਹ ਤਿੰਨ ਵੱਡੇ ਸੜਕ ਪ੍ਰਾਜੈਕਟਾਂ ਨਾਲ ਪ੍ਰਦੇਸ਼ 'ਚ ਆਧਾਰਭੂਤ ਢਾਂਚੇ ਦੀ ਤਸਵੀਰ ਬਦਲੇਗੀ ਅਤੇ ਉਦਯੋਗਾਂ ਦੇ ਵਿਕਾਸ ਨੂੰ ਵੀ ਨਵੀਂ ਦਿਸ਼ਾ ਮਿਲੇਗੀ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਦਿੱਲੀ-ਪਾਨੀਪਤ ਕੋਰੀਡੋਰ ਤੋਂ ਹਰਿਆਣਾ ਦੇ ਨਾਲ-ਨਾਲ ਪ੍ਰਦੇਸ਼ ਤੋਂ ਲੰਘਣ ਵਾਲੇ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਦੇ ਮੁਸਾਫਿਰਾਂ ਨੂੰ ਵੀ ਇਸ ਰੋਡ ਪ੍ਰਾਜੈਕਟ ਦਾ ਪੂਰਾ ਲਾਭ ਮਿਲੇਗਾ। ਇਸੇ ਤਰ੍ਹਾਂ ਅੰਬਾਲਾ ਅਤੇ ਕਰਨਾਲ ਰਿੰਗ ਰੋਡ ਬਣਨ ਨਾਲ ਦੋਹਾਂ ਜ਼ਿਲ੍ਹਿਆਂ 'ਚ ਸ਼ਹਿਰ 'ਚ ਲੱਗਣ ਵਾਲੇ ਜਾਮ ਤੋਂ ਸਥਾਨਕ ਲੋਕਾਂ ਨੂੰ ਛੁਟਕਾਰਾ ਮਿਲੇਗਾ।