ਜੀ-20 ਸੰਮੇਲਨ ’ਚ ਬੋਲੇ ਪ੍ਰਧਾਨ ਮੰਤਰੀ ਮੋਦੀ, ਅਫਗਾਨਿਸਤਾਨ ਨਾ ਬਣੇ ਅੱਤਵਾਦ ਦਾ ਸੋਮਾ

10/13/2021 8:58:46 PM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਭਾਈਚਾਰੇ ਨੂੰ ਚੌਕਸ ਕੀਤਾ ਹੈ ਕਿ ਉਹ ਅਫਗਾਨਿਸਤਾਨ ਦੇ ਲੋਕਾਂ ਦੀ ਤੁਰੰਤ ਮਨੁੱਖੀ ਮਦਦ ਲਈ ਰਾਹ ਲੱਭੇ ਅਤੇ ਇਸ ਦੇ ਨਾਲ ਹੀ ਇਹ ਗੱਲ ਯਕੀਨੀ ਬਣਾਏ ਕਿ ਅਫਗਾਨਿਸਤਾਨ ਦੀ ਧਰਤੀ, ਖੇਤਰ ਜਾਂ ਦੁਨੀਆ ਲਈ ਅੱਤਵਾਦ ਮਜ਼੍ਹਬੀ ਕੱਟੜਵਾਦ ਦਾ ਸੋਮਾ ਨਾ ਬਣੇ।

ਇਹ ਵੀ ਪੜ੍ਹੋ - ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ 'ਚ ਦਾਖਲ

ਮੋਦੀ ਨੇ ਦੁਨੀਆ ਦੇ ਅਗਾਂਹਵਧੂ 20 ਦੇਸ਼ਾਂ ਦੇ ਗਰੁੱਪ ਜੀ-20 ਦੀ ਅਫਗਾਨਿਸਤਾਨ ਦੇ ਮੁੱਦੇ ’ਤੇ ਵਿਸ਼ੇਸ਼ ਸਿਖਰ ਬੈਠਕ ਵਿਚ ਵਰਚੁਅਲ ਕਾਨਫਰੰਸ ਰਾਹੀਂ ਹਿੱਸਾ ਲਿਆ। ਬੈਠਕ ਦਾ ਆਯੋਜਨ ਜੀ-20 ਦੀ ਅਗਵਾਈ ਕਰ ਰਹੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਕੀਤਾ ਸੀ। ਇਸ ਦਾ ਏਜੰਡਾ ਅਫਗਾਨਿਸਤਾਨ ’ਚ ਮਨੁੱਖੀ ਸੰਕਟ, ਅੱਤਵਾਦ ਨਾਲ ਜੁੜੀ ਚਿੰਤਾ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕਰਨੀ ਸੀ। ਮੋਦੀ ਨੇ ਕਿਹਾ ਕਿ ਭਾਰਤ ਅਤੇ ਅਫਗਾਨਿਸਤਾਨ ਦੇ ਲੋਕਾਂ ਦਰਮਿਆਨ ਸਦੀਆਂ ਤੋਂ ਗੁੜ੍ਹੇ ਸਬੰਧ ਹਨ। ਬੀਤੇ 20 ਸਾਲਾਂ ’ਚ ਭਾਰਤ ਨੇ ਅਫਗਾਨਿਸਤਾਨ ਦੇ ਸਮਾਜਿਕ, ਆਰਥਿਕ ਵਿਕਾਸ ਅਤੇ ਨੌਜਵਾਨਾਂ ਤੇ ਔਰਤਾਂ ਦੀ ਸਮਰੱਥਾ ਨੂੰ ਵਧਾਉਣ ਲਈ ਯੋਗਦਾਨ ਦਿੱਤਾ ਹੈ। ਭਾਰਤ ਵਲੋਂ ਅਫਗਾਨਿਸਤਾਨ ’ਚ ਅਜਿਹੀਆਂ ਲਗਭਗ 500 ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਲੋਕਾਂ ਦੇ ਮਨ ’ਚ ਭਾਰਤ ਪ੍ਰਤੀ ਦੋਸਤੀ ਦਾ ਭਾਵ ਹੈ।

ਇਹ ਵੀ ਪੜ੍ਹੋ - ਜੰਮੂ-ਕਸ਼ਮੀਰ ਦੇ ਅਬਰਾਰ ਦੀ ਕਹਾਣੀ, ਜਿਸ ਨੇ 400 ਮੀਟਰ ਦੀ ਨੈਸ਼ਨਲ ਦੌੜ 'ਚ ਬਣਾਇਆ ਰਿਕਾਰਡ

ਉਨ੍ਹਾਂ ਕਿਹਾ ਕਿ ਹਰ ਭਾਰਤੀ ਭੁੱਖ ਅਤੇ ਮਾੜੇ ਪਾਲਣ-ਪੋਸ਼ਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਅਫਗਾਨੀ ਲੋਕਾਂ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਹੈ। ਸਮੇਂ ਦੀ ਲੋੜ ਹੈ ਕਿ ਕੌਮਾਂਤਰੀ ਭਾਈਚਾਰਾ ਅਫਗਾਨਿਸਤਾਨ ’ਚ ਮਨੁੱਖੀ ਮਦਦ ਦੀ ਬਿਨਾਂ ਕਿਸੇ ਰੁਕਾਵਟ ਤੋਂ ਸਪਲਾਈ ਤੁਰੰਤ ਯਕੀਨੀ ਬਣਾਏ। ਮੋਦੀ ਨੇ ਜ਼ੋਰ ਦਿੱਤਾ ਕਿ ਕੱਟੜਵਾਦ, ਅੱਤਵਾਦ ਅਤੇ ਨਸ਼ੀਲੀਆਂ ਵਸਤਾਂ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਗਠਜੋੜ ਵਿਰੁੱਧ ਸਾਡੀ ਲੜਾਈ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਅਫਗਾਨਿਸਤਾਨ ’ਚ ਪਿਛਲੇ 20 ਸਾਲਾਂ ਦੌਰਾਨ ਹੋਏ ਸਮਾਜਿਕ ਅਤੇ ਆਰਥਿਕ ਵਿਕਾਸ ਦੀ ਰਾਖੀ ਕਰਨ ਅਤੇ ਕੱਟੜਪੰਥੀ ਵਿਚਾਰਧਾਰਾ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਚ ਇਕ ਅਜਿਹੇ ਪ੍ਰਸ਼ਾਸਨ ਦੀ ਸਥਾਪਨਾ ਦਾ ਸੱਦਾ ਦਿੱਤਾ, ਜਿਸ ਵਿਚ ਔਰਤਾਂ ਅਤੇ ਘੱਟ-ਗਿਣਤੀ ਵਰਗ ਦੀ ਢੁੱਕਵੀਂ ਪ੍ਰਤੀਨਿਧਤਾ ਹੋਵੇ।

ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News