ਜੀ-20 : ਵਿਸ਼ਵ ਨੇਤਾਵਾਂ ਲਈ ਪਰੋਸੇ ਜਾਣਗੇ ਭਾਰਤੀ ਸ਼ਾਕਾਹਾਰੀ ਪਕਵਾਨ
Thursday, Aug 31, 2023 - 12:35 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਭਾਰਤ ਜੀ-20 ਸੰਮੇਲਨ ’ਚ ਆਉਣ ਵਾਲੇ ਵਿਸ਼ਵ ਨੇਤਾਵਾਂ ਅਤੇ ਹੋਰ ਮਹਿਮਾਨਾਂ ਨੂੰ ਮਾਸਾਹਾਰੀ ਭੋਜਨ ਨਹੀਂ ਪਰੋਸੇਗਾ, ਸਗੋਂ ਉਨ੍ਹਾਂ ਨੂੰ ਦੇਸ਼ ਦੇ ਹਰ ਕੋਨੇ ’ਚ ਖਾਧੇ ਜਾਣ ਵਾਲੇ ਸ਼ਾਕਾਹਾਰੀ ਪਕਵਾਨਾਂ ਦਾ ਸਵਾਦ ਚਖਾਏਗਾ।
ਸੂਤਰਾਂ ਨੇ ਦੱਸਿਆ ਕਿ ਮੁੱਖ ਮਹਿਮਾਨਾਂ ਲਈ ਭੋਜਨ ਦੇ ਮੈਨਿਊ ਵਿਚ ਕੋਈ ਵੀ ਮਾਸਾਹਾਰੀ ਪਕਵਾਨ ਨਹੀਂ ਰੱਖਿਆ ਗਿਆ ਹੈ। ਇਸਦੀ ਥਾਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਵੱਖ-ਵੱਖ ਸੂਬਿਆਂ ਵਿਚ ਬਣਨ ਵਾਲੇ ਸਵਾਦੀ ਸ਼ਾਕਾਹਾਰੀ ਪਕਵਾਨ ਪੇਸ਼ ਕੀਤੇ ਜਾਣਗੇ। ਸਾਰੇ ਵੀ. ਵੀ. ਆਈ. ਪੀ. ਵਿਦੇਸ਼ੀ ਮਹਿਮਾਨਾਂ ਲਈ ਪਕਵਾਨ ਤਿਆਰ ਕਰਨ ਦਾ ਕੰਮ ਆਈ. ਟੀ. ਸੀ. ਨੂੰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਵਿਦੇਸ਼ੀ ਮੀਡੀਆ ਡੈਲੀਗੇਸ਼ਨ ਨੂੰ ਵੀ ਸ਼ਾਕਾਹਾਰੀ ਪਕਵਾਨ ਪਰੋਸੇ ਜਾਣਗੇ। ਭਾਰਤ ਅਤੇ ਵਿਦੇਸ਼ੀ ਮੀਡੀਆ ਵਫਦਾਂ ਵਿਚ ਲਗਭਗ 3500 ਲੋਕ ਹੋਣਗੇ, ਉਨ੍ਹਾਂ ਸਾਰਿਆਂ ਦੇ ਖਾਣੇ ਦਾ ਪ੍ਰਬੰਧ ਪ੍ਰਗਤੀ ਮੈਦਾਨ ਵਿਚ ਹੀ ਕੀਤਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰ ਕੇ ਭਾਰਤ ਵਿਚ ਵਿਦੇਸ਼ੀ ਮਹਿਮਾਨਾਂ ਦੀ ਯਾਤਰਾ ਦਾ ਸਮਾਂ ਬਹੁਤ ਸੀਮਤ ਰੱਖਿਆ ਗਿਆ ਹੈ। ਤੈਅ ਪ੍ਰੋਗਰਾਮ ਮੁਤਾਬਕ ਵਿਸ਼ਵ ਨੇਤਾ ਪ੍ਰਗਤੀ ਮੈਦਾਨ ’ਚ ਬੂਟੇ ਲਗਾਉਣਗੇ ਅਤੇ ਰਾਜਘਾਟ ’ਤੇ ਜਾ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਸ਼ਰਧਾਂਜਲੀ ਭੇਟ ਕਰਨਗੇ।
ਇਸ ਤੋਂ ਇਲਾਵਾ ਉਹ ਪੂਸਾ ਰੋਡ ’ਤੇ ਸਥਿਤ ਆਈ. ਸੀ. ਏ. ਆਰ. ਵੀ ਜਾਣਗੇ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਕਸ ਹੈ ਕਿ ਜੋ ਵਿਦੇਸ਼ੀ ਮਹਿਮਾਨ ਆ ਰਹੇ ਹਨ, ਉਨ੍ਹਾਂ ਸਾਰਿਆਂ ਨਾਲ ਵੱਧ ਤੋਂ ਵੱਧ ਚਰਚਾ ਹੋਵੇ ਜਿਸ ਨਾਲ ਇਸ ਸਿਖਰ ਸੰਮੇਲਨ ਦੇ ਅਹਿਮ ਨਤੀਜੇ ਨਿਕਲ ਸਕਣ।