ਹੁਣ ਨਹੀਂ ਬਚਣਗੇ 'ਮਾਲਿਆ' ਵਰਗੇ ਭਗੌੜੇ, PM ਨੇ ਪੇਸ਼ ਕੀਤਾ ਇਹ ਏਜੰਡਾ
Saturday, Dec 01, 2018 - 01:38 PM (IST)

ਬਿਊਨਸ ਆਇਰਸ— ਦੇਸ਼ ਦੇ ਬੈਂਕਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲੈ ਕੇ ਵਿਦੇਸ਼ ਦੌੜਨ ਵਾਲੇ ਭਗੌੜਿਆਂ ਦੀ ਗਿਣਤੀ ਵਿਚ ਵਾਧੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਕੌਮਾਂਤਰੀ ਮੰਚ ਜੀ20 ਸੰਮੇਲਨ 'ਚ ਇਕ ਚੰਗੀ ਪਹਿਲ ਕੀਤੀ ਹੈ। ਅਜਿਹੇ ਭਗੌੜੇ ਆਰਥਿਕ ਅਪਰਾਧੀਆਂ 'ਤੇ ਨਕੇਲ ਕੱਸਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਸੂਤਰੀ ਏਜੰਡਾ ਪੇਸ਼ ਕੀਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗੌੜੇ ਆਰਥਿਕ ਅਪਰਾਧੀਆਂ ਨਾਲ ਨਜਿੱਠਣ, ਉਨ੍ਹਾਂ ਦੀ ਪਛਾਣ, ਹਵਾਲਗੀ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਜੀ20 ਦੇਸ਼ਾਂ ਤੋਂ ਸਹਿਯੋਗ ਵੀ ਮੰਗਿਆ ਹੈ। ਮੋਦੀ ਨੇ ਜੀ20 ਸੰਮੇਲਨ ਦੇ ਦੂਜੇ ਸੈਸ਼ਨ ਵਿਚ 9 ਸੂਤਰੀ ਏਜੰਡਾ ਪੇਸ਼ ਕਰਦੇ ਹੋਏ ਕਿਹਾ ਕਿ ਭਗੌੜੇ ਆਰਥਿਕ ਅਪਰਾਧੀਆਂ ਨੂੰ ਐਂਟਰੀ ਦੇਣ ਅਤੇ ਸੁਰੱਖਿਅਤ ਸ਼ਰਨਸਥਲੀ ਪਾਉਣ ਤੋਂ ਰੋਕਣ ਲਈ ਮੈਂਬਰ ਦੇਸ਼ਾਂ ਵਲੋਂ ਸਾਂਝੀਆਂ ਕੋਸ਼ਿਸ਼ਾਂ ਜ਼ਰੀਏ ਇਕ ਤੰਤਰ ਅਤੇ ਪ੍ਰਕਿਰਿਆ ਬਣਾਉਣ ਦੀ ਲੋੜ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਕਾਨੂੰਨੀ ਪ੍ਰਕਿਰਿਆਵਾਂ 'ਚ ਸਹਿਯੋਗ ਜਿਵੇਂ ਅਪਰਾਧੀਆਂ ਦੀ ਜਾਇਦਾਦ ਨੂੰ ਜ਼ਬਤ ਕਰਨਾ ਅਤੇ ਉਨ੍ਹਾਂ ਦੀ ਦੇਸ਼ ਹਵਾਲਗੀ ਨੂੰ ਯਕੀਨੀ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਸੰਯੁਕਤ ਰਾਸ਼ਟਰ ਸੰਮੇਲਨ ਦੇ ਸਿਧਾਂਤਾਂ ਅਤੇ ਕੌਮਾਂਤਰੀ ਸੰਗਠਿਤ ਅਪਰਾਧ ਵਿਰੁੱਧ ਸੰਯੁਕਤ ਰਾਸ਼ਟਰ ਸੰਧੀ ਪੱਤਰ, ਵਿਸ਼ੇਸ਼ ਰੂਪ ਨਾਲ ਕੌਮਾਂਤਰੀ ਸਹਿਯੋਗ ਨਾਲ ਸਬੰਧਿਤ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।