ਅਜਬ-ਗਜ਼ਬ: ਅੰਤਿਮ ਸੰਸਕਾਰ ਤੋਂ ਬਾਅਦ ਵੀ ਨਹੀਂ ਸੜਿਆ ਬਜ਼ੁਰਗ ਦਾ ਦਿਲ
Thursday, Nov 10, 2022 - 10:24 AM (IST)
ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲੇ ਦੇ ਥਾਣਾ ਲੋਧਾ ਇਲਾਕੇ ਦੇ ਪਿੰਡ ਨੌਗਾਵਾਂ ਅਰਜੁਨਪੁਰ ’ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ 82 ਸਾਲਾ ਬਜ਼ੁਰਗ ਦੀ ਲਾਸ਼ ਨੂੰ ਅੱਗ ਲਾ ਕੇ ਵੀ ਉਸ ਦਾ ਦਿਲ ਨਹੀਂ ਸੜਿਆ। ਚਿਤਾ ਦੇ ਸੜਨ ਤੋਂ ਬਾਅਦ ਬਜ਼ੁਰਗ ਦੇ ਦਿਲ ਨੂੰ ਹੱਥ ’ਚ ਲੈ ਕੇ ਸਾਰੇ ਲੋਕ ਦੰਗ ਰਹਿ ਗਏ। ਬਜ਼ੁਰਗ ਦਯਾਰਾਮ ਦੀ ਮੌਤ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ। ਮੌਤ ਤੋਂ ਬਾਅਦ ਦਯਾਰਾਮ ਦੀ ਦੇਹ ਨੂੰ ਸਾੜ ਦਿੱਤਾ ਗਿਆ।
ਰਾਤ ਭਰ ਚਿਤਾ ਨੂੰ ਜਲਾਉਣ ਤੋਂ ਬਾਅਦ ਵੀ ਸਵੇਰੇ ਜਦੋਂ ਰਿਸ਼ਤੇਦਾਰਾਂ ਵਲੋਂ ਸ਼ਮਸ਼ਾਨਘਾਟ ’ਚ ਅਸਥੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਅਚਾਨਕ ਮ੍ਰਿਤਕ ਦਯਾਰਾਮ ਦਾ ਦਿਲ ਅਸਥੀਆਂ ਨਾਲ ਮਿਲ ਗਿਆ। ਜਦੋਂ ਮ੍ਰਿਤਕ ਦੇ ਦਿਲ ਨੂੰ ਰਿਸ਼ਤੇਦਾਰਾਂ ਵਲੋਂ ਘਰ ਲਿਆਂਦਾ ਗਿਆ ਤਾਂ ਪਿੰਡ ਵਾਸੀ ਵੀ ਦੇਖ ਕੇ ਦੰਗ ਰਹਿ ਗਏ। ਇਹ ਘਟਨਾ ਆਲੇ-ਦੁਆਲੇ ਦੇ ਪਿੰਡ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕ ਵੀ ਦਯਾਰਾਮ ਦੇ ਦਿਲ ਨੂੰ ਦੇਖਣ ਲਈ ਉਮੜ ਪਏ। ਸਥਾਨਕ ਲੋਕ ਇਸ ਨੂੰ ਚਮਤਕਾਰ ਦੱਸ ਰਹੇ ਹਨ, ਉਥੇ ਹੀ ਦੂਜੇ ਪਾਸੇ ਦਯਾਰਾਮ ਦੇ ਸਰੀਰ ਦੀਆਂ ਅਸਥੀਆਂ ਰਾਖ ਬਣ ਗਈਆਂ ਪਰ ਦਿਲ ਨਾ ਸੜਨ ਕਾਰਨ ਇਸ ਮਾਮਲੇ ਨੂੰ ਚਮਤਕਾਰ ਹੀ ਮੰਨਿਆ ਜਾ ਰਿਹਾ ਹੈ। ਇਸ ਸਮੇਂ ਪਿੰਡ ਦੇ ਪਤਵੰਤੇ ਸੱਜਣਾਂ ਮੁਤਾਬਕ ਅਸਥੀਆਂ ਨੂੰ ਗੰਗਾ ’ਚ ਵਿਸਰਜਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।