ਤਾਮਿਲਨਾਡੂ ’ਚ ਇਕ ਹਫ਼ਤੇ ਹੋਰ ਵਧਾਇਆ ਗਿਆ ਮੁਕੰਮਲ ਤਾਲਾਬੰਦੀ ਦਾ ਸਮਾਂ
Saturday, May 22, 2021 - 04:14 PM (IST)
ਚੇਨਈ— ਤਾਮਿਲਨਾਡੂ ਦੇ ਮੁੱਖ ਮੰਤਰੀ ਐਸ. ਕੇ. ਸਟਾਲਿਨ ਨੇ ਸੂਬੇ ਵਿਚ ਕੋਰੋਨਾ ਵਾਇਰਸ ’ਤੇ ਕਾਬੂ ਪਾਉਣ ਲਈ 24 ਮਈ ਤੋਂ ਇਕ ਹਫ਼ਤੇ ਦੀ ਮੁਕੰਮਲ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ ਹੈ। ਸਟਾਲਿਨ ਨੇ ਮੈਡੀਕਲ, ਸਿਹਤ ਮਾਹਰਾਂ ਅਤੇ ਸਾਰੇ ਪਾਰਟੀ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਐਲਾਨ ਕੀਤਾ ਕਿ ਸੂਬੇ ’ਚ ਇਕ ਹਫ਼ਤੇ ਤੱਕ ਮੁਕੰਮਲ ਤਾਲਾਬੰਦੀ ਵਧਾਈ ਜਾਵੇਗੀ। ਮੌਜੂਦਾ ਤਾਲਾਬੰਦੀ ਦਾ ਸਮਾਂ 24 ਮਈ ਨੂੰ ਖਤਮ ਹੋ ਰਿਹਾ ਹੈ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ ਸੋਮਵਾਰ ਤੋਂ ਲਾਗੂ ਹੋਣ ਵਾਲੀ ਤਾਲਾਬੰਦੀ ਨੂੰ ਵੇਖਦੇ ਹੋਏ ਅੱਜ ਸੂਬੇ ਵਿਚ ਸਾਰੀਆਂ ਦੁਕਾਨਾਂ ਸ਼ਾਮ 9 ਵਜੇ ਤੱਕ ਖੁੱਲ੍ਹਣਗੀਆਂ। ਕੱਲ੍ਹ ਤੋਂ ਇਨ੍ਹਾਂ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 9 ਵਜੇ ਤੱਕ ਹੋਵੇਗਾ। ਸ਼ਨੀਵਾਰ ਅਤੇ ਸੋਮਵਾਰ ਨੂੰ ਸਾਰੇ ਜਨਤਕ ਅਤੇ ਨਿੱਜੀ ਟਰਾਂਸਪੋਰਟ ਸੇਵਾਵਾਂ ਜਾਰੀ ਰਹਿਣਗੀਆਂ। ਤਾਲਾਬੰਦੀ ਦੇ ਸਮੇਂ ਮੈਡੀਕਲ ਸਟੋਰ, ਵੈਟਰਨਰੀ ਕਲੀਨਿਕ, ਦੁੱਧ ਅਤੇ ਹੋਰ ਸਾਮਾਨ ਦੀਆਂ ਦੁਕਾਨਾਂ ਅਤੇ ਮੀਡੀਆ ਦਫ਼ਤਰ ਖੁੱਲ੍ਹਣਗੇ।
ਸਾਰੀਆਂ ਜ਼ਰੂਰੀ ਮਹਿਕਮਿਆਂ ਵਿਚ ਸੂਬਾ ਸਕੱਤਰੇਤ ਤੋਂ ਕੰਮ ਹੋਵੇਗਾ ਪਰ ਪ੍ਰਾਈਵੇਟ ਫਰਮਾਂ, ਬੈਂਕਾਂ, ਬੀਮਾ ਕੰਪਨੀਆਂ, ਆਈ. ਟੀ. ਅਤੇ ਆਈ. ਟੀ. ਈ. ਐੱਸ. ਸਟਾਫ਼ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਹੋਵੇਗੀ। ਇਸ ਸਮੇਂ ਦੌਰਾਨ ਪੈਟਰੋਲ ਪੰਪ, ਏ. ਟੀ. ਐੱਮ, ਖੇਤੀ ਔਜਾਰਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਅਤੇ ਜ਼ਰੂਰੀ ਸਮੱਗਰੀ ਨੂੰ ਢੋਹਣ ਵਾਲੇ ਵਾਹਨਾਂ ਨੂੰ ਛੋਟ ਰਹੇਗੀ। ਲੋਕਾਂ ਨੂੰ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿਚ ਜ਼ਰੂਰੀ ਮੈਡੀਕਲ ਕਾਰਨਾਂ ਅਤੇ ਅੰਤਿਮ ਸੰਸਕਾਰ ਵਿਚ ਹਿੱਸਾ ਲੈਣ ਲਈ ਈ-ਰਜਿਸਟ੍ਰੇਸ਼ਨ ਦੀ ਲੋੜ ਹੋਵੇਗੀ ਪਰ ਇਕ ਹੀ ਜ਼ਿਲ੍ਹੇ ਵਿਚ ਆਉਣ-ਜਾਣ ਲਈ ਇਹ ਜ਼ਰੂਰੀ ਨਹੀਂ ਹੋਵੇਗਾ।